Union Minister Suresh Angadi: ਨਵੀਂ ਦਿੱਲੀ: ਕੇਂਦਰ ਦੀ ਮੋਦੀ ਸਰਕਾਰ ਦੇ ਮੰਤਰੀ ਸੁਰੇਸ਼ ਅੰਗੜੀ ਦਾ ਦਿਹਾਂਤ ਹੋ ਗਿਆ । ਉਹ 11 ਸਤੰਬਰ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਅੰਗੜੀ ਪਹਿਲੇ ਕੇਂਦਰੀ ਮੰਤਰੀ ਹੈ ਜਿਨ੍ਹਾਂ ਦੀ ਮੌਤ ਕੋਰੋਨਾ ਵਾਇਰਸ ਦੀ ਲਾਗ ਕਾਰਨ ਹੋਈ ਹੈ। ਇਸ ਤੋਂ ਪਹਿਲਾਂ ਤਿੰਨ ਸੰਸਦਾਂ ਦੀ ਕੋਵਿਡ -19 ਕਾਰਨ ਮੌਤ ਹੋ ਚੁੱਕੀ ਹੈ। ਸੁਰੇਸ਼ ਅੰਗੜੀ ਰੇਲ ਰਾਜ ਮੰਤਰੀ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਰੇਸ਼ ਅੰਗੜੀ ਦੀ ਮੌਤ ‘ਤੇ ਦੁੱਖ ਜ਼ਾਹਿਰ ਕੀਤਾ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ- “ਸ੍ਰੀ ਸੁਰੇਸ਼ ਅੰਗੜੀ ਇੱਕ ਅਸਧਾਰਨ ਕਾਰਕੁਨ ਸਨ ਜਿਨ੍ਹਾਂ ਨੇ ਕਰਨਾਟਕ ਵਿੱਚ ਪਾਰਟੀ ਨੂੰ ਮਜਬੂਤ ਕਰਨ ਲਈ ਸਖਤ ਮਿਹਨਤ ਕੀਤੀ।” ਉਹ ਇੱਕ ਸਮਰਪਿਤ ਸੰਸਦ ਮੈਂਬਰ ਅਤੇ ਪ੍ਰਭਾਵਸ਼ਾਲੀ ਮੰਤਰੀ ਸੀ, ਜਿਨ੍ਹਾਂ ਦੀ ਹਰ ਜਗ੍ਹਾ ਪ੍ਰਸ਼ੰਸਾ ਕੀਤੀ ਜਾਂਦੀ ਸੀ। ਉਨ੍ਹਾਂ ਦਾ ਦਿਹਾਂਤ ਦੁਖਦ ਹੈ। ਇਸ ਦੁੱਖ ਦੀ ਘੜੀ ਵਿੱਚ ਮੇਰੀਆਂ ਭਾਵਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਨ। ਓਮ ਸ਼ਾਂਤੀ।’
ਦਰਅਸਲ, ਰੇਲ ਰਾਜ ਮੰਤਰੀ ਸੁਰੇਸ਼ ਅੰਗੜੀ ਦੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਲਗਭਗ ਦੋ ਹਫ਼ਤਿਆਂ ਬਾਅਦ ਮੌਤ ਹੋ ਗਈ । ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (AIIMS) ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਪਹਿਲਾ ਕੇਂਦਰੀ ਮੰਤਰੀ ਅਤੇ ਚੌਥੇ ਸੰਸਦ ਮੈਂਬਰ ਹਨ, ਜਿਨ੍ਹਾਂ ਦੀ ਕੋਵਿਡ -19 ਕਾਰਨ ਮੌਤ ਹੋ ਗਈ।
ਦੱਸ ਦੇਈਏ ਕਿ ਸਾਲ 1955 ਵਿੱਚ ਜਨਮੇ ਸੁਰੇਸ਼ ਅੰਗੜੀ ਕਰਨਾਟਕ ਦੇ ਬੇਲਗਾਮ ਜ਼ਿਲ੍ਹੇ ਤੋਂ ਭਾਜਪਾ ਦੇ ਨੇਤਾ ਸਨ । ਉਨ੍ਹਾਂ ਨੇ ਆਪਣੇ ਲੰਬੇ ਰਾਜਨੀਤਿਕ ਕੈਰੀਅਰ ਦੌਰਾਨ ਪਾਰਟੀ ਵਿੱਚ ਬਹੁਤ ਸਾਰੇ ਅਹੁਦੇ ਸੰਭਾਲੇ। ਸਾਲ 1996 ਵਿੱਚ, ਉਹ ਬੇਲਗਾਮ ਦੇ ਭਾਜਪਾ ਦੇ ਉਪ-ਪ੍ਰਧਾਨ ਬਣੇ । ਇਸ ਤੋਂ ਬਾਅਦ ਉਨ੍ਹਾਂ ਦਾ ਰਾਜਨੀਤਿਕ ਸਫਰ ਬੁਲੰਦੀਆਂ ਵੱਲ ਚਲਦਾ ਰਿਹਾ। ਉਹ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਅਤੇ ਫਿਰ 2009 ਵਿੱਚ ਸੰਸਦ ਮੈਂਬਰ ਚੁਣੇ ਗਏ ਸਨ । ਉਹ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ ਜਦੋਂ 2014 ਵਿੱਚ ਭਾਜਪਾ ਸੱਤਾ ਵਿੱਚ ਆਈ ਸੀ ਅਤੇ ਪਿਛਲੇ ਸਾਲ ਹੋਈਆਂ ਆਮ ਚੋਣਾਂ ਵਿੱਚ ਚੌਥੀ ਵਾਰ । ਇਸ ਤੋਂ ਬਾਅਦ ਮੌਜੂਦਾ ਸਰਕਾਰ ਵਿਚ ਉਨ੍ਹਾਂ ਨੂੰ ਕੇਂਦਰੀ ਰੇਲ ਰਾਜ ਮੰਤਰੀ ਬਣਾਇਆ ਗਿਆ ।