Farmers strike on : ਚੰਡੀਗੜ੍ਹ : ਸੰਸਦ ‘ਚ ਪਾਸ ਤਿੰਨ ਖੇਤੀ ਬਿੱਲਾਂ ਦੇ ਵਿਰੋਧ ‘ਚ ਅੱਜ ਪੰਜਾਬ ਤੇ ਹਰਿਆਣਾ ਸਮੇਤ ਦੇਸ਼ ਭਰ ਦੇ ਕਿਸਾਨਾਂ ਨੇ ਬੰਦ ਦਾ ਸੱਦਾ ਦਿੱਤਾ ਹੈ। ਇਸ ਦੇ ਸਮਰਥਨ ‘ਚ ਕਾਂਗਰਸ ਸਮੇਤ ਕਈ ਰਾਜਨੀਤਕ ਦਲ ਆ ਗਏ ਹਨ। ਪੰਜਾਬ ‘ਚ ਵੀਰਵਾਰ ਨੂੰ ਹੀ ਕਿਸਾਨ ਅੰਮ੍ਰਿਤਸਰ, ਫਿਰੋਜ਼ਪੁਰ ਤੇ ਨਾਭਾ ‘ਚ ਰੇਲਵੇ ਟਰੈਕ ‘ਤੇ ਡਟ ਗਏ। ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਰੇਲਵੇ ਨੇ 20 ਟ੍ਰੇਨਾਂ ਸ਼ਨੀਵਾਰ ਤੱਕ ਰੱਦ ਕਰ ਦਿੱਤੀਆਂ। ਪੰਜਾਬ ਤੇ ਹਰਿਆਣਾ ‘ਚ ਰੇਲ ਟਰੈਕਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਉਥੇ CRPF ਤੇ ਪੁਲਿਸ ਦੇ ਜਵਾਨਾਂ ਨਾਲ ਹੀ ਸਾਦੀ ਵਰਦੀ ‘ਚ ਸੁਰੱਖਿਆ ਕਰਮਚਾਰੀ ਤਾਇਨਾਤ ਹਨ। ਪੰਜਾਬ ‘ਚ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਅੰਮ੍ਰਿਤਸਰ ਦੇ ਜੰਡਿਆਲਾ ਦੇ ਪਿੰਡ ਦੇਵੀਦਾਸਪੁਰ ਕੋਲ ਅੰਮ੍ਰਿਤਸਰ-ਦਿੱਲੀ ਰੇਲ ਟਰੈਕ ‘ਤੇ ਲੇਟ ਗਏ ਜਦੋਂ ਕਿ ਫਿਰੋਜ਼ਪੁਰ ਛਾਉਣੀ ਸਟੇਸ਼ਨ ਕੋਲ ਬਸਤੀ ਟੈਂਕਵਾਲੀ ਤੇ ਨਾਭਾ ਸਟੇਸ਼ਨ ‘ਤੇ ਰੇਲਵੇ ਸਟੇਸ਼ਨ ਕੋਲ ਟੈਂਟ ਲਗਾਕੇ ਧਰਨਾ ਸ਼ੁਰੂ ਕਰ ਦਿੱਤਾ।
ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ 12 ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਜੋ ਅੰਮ੍ਰਿਤਸਰ ਪਹੁੰਚਣ ਵਾਲੀਆਂ ਟ੍ਰੇਨਾਂ ਨੂੰ ਅੰਬਾਲਾ ‘ਚ ਹੀ ਰੋਕ ਦਿੱਤਾ ਗਿਆ। ਕੁਝ ਗੱਡੀਆਂ ਦੇ ਰੂਟਾਂ ਨੂੰ ਬਦਲ ਦਿੱਤਾ ਗਿਆ। ਕਿਸਾਨਾਂ ਨੇ ਸੂਬੇ ‘ਚ ਕਈ ਥਾਵਾਂ ‘ਤੇ ਜੰਮ ਕੇ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਹੋਰ ਕਈ ਸੰਗਠਨਾਂ ਨਾਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਵੀ ਬੰਦ ਦਾ ਸਮਰਥਨ ਕੀਤਾ। ਪੰਜਾਬ ‘ਚ ਰੇਲ ਟਰੈਕ ‘ਤੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਰੇਲਵੇ ਨੇ 26 ਸਤੰਬਰ ਤੱਕ ਪੰਜਾਬ ਵੱਲੋਂ ਜਾਣ ਵਾਲੀਆਂ ਟ੍ਰੇਨਾਂ ਨੂੰ ਰੋਕ ਦਿੱਤਾ। ਕਈ ਟ੍ਰੇਨਾਂ ਨੂੰ ਅੰਬਾਲਾ ਕੈਂਟ, ਸਹਾਰਨਪੁਰ ਤੇ ਦਿੱਲੀ ਸਟੇਸ਼ਨ ‘ਤੇ ਹੀ ਟਰਮੀਨੇਟ ਕੀਤਾ ਜਾ ਰਿਹਾ ਹੈ।
ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਅੰਬਾਲਾ, ਲੁਧਿਆਣਾ, ਚੰਡੀਗੜ੍ਹ ਅੰਬਾਲਾ ਰੇਲ ਰੂਟ ਬੰਦ ਕਰ ਦਿੱਤਾ ਗਿਆ ਹੈ। ਹਰਿਦੁਆਰ-ਅੰਮ੍ਰਿਤਸਰ ਜਨ ਸ਼ਤਾਬਦੀ, ਨਵੀਂ ਦਿੱਲੀ ਜੰਮੂ-ਤਵੀ ਸਪੈਸ਼ਲ ਰਾਜਧਾਨੀ, ਅੰਮ੍ਰਿਤਸਰ-ਹਰਿਦੁਆਰ ਜਨਸ਼ਤਾਬਦੀ, ਗੋਲਡਨ ਟੈਂਪਲ, ਬਾਂਦ੍ਰਾ ਅੰਮ੍ਰਿਤਸਰ, ਸੱਚਖੰਡ ਐਕਸਪ੍ਰੈਸ, ਸ਼ਹੀਦ ਐਕਸਪ੍ਰੈਸ, ਧਨਬਾਦ-ਫਿਰੋਜ਼ਪੁਰ, ਜੈਨਨਗਰ- ਅੰਮ੍ਰਿਤਸਰ ਸਮੇਤ ਕਈ ਟ੍ਰੇਨਾਂ ਸ਼ਨੀਵਾਰ ਤਕ ਰੱਦ ਕਰ ਦਿੱਤੀਆਂ ਗਈਆਂ। ਕਿਸਾਨਾਂ ਦੇ ਪੰਜਾਬ ਬੰਦ ਦੇ ਐਲਾਨ ਨੂੰ ਦੇਖਦੇ ਹੋਏ ਪੰਜਾਬ ਤੇ ਹਰਿਆਣਾ ਸਰਕਾਰਾਂ ਨੇ ਜਿਲ੍ਹਾ ਪ੍ਰਧਾਨਾਂ, ਪੁਲਿਸ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਕਿਹਾ ਹੈ ਕਿ ਉਹ ਰੇਲਵੇ ਪੁਲਿਸ ਦੇ ਅਧਿਕਾਰੀਆਂ ਤੇ ਸੂਬੇ ਦੀ ਇੰਟੈਲੀਜੈਂਸ ਏਜੰਸੀਆਂ ਨਾਲ ਸਾਂਝੀ ਬੈਠਕ ਕਰਕੇ ਕਾਨੂੰਨ ਵਿਵਸਥਾ ਬਣਾਏ ਰੱਖਣਾ ਨਿਸ਼ਿਚਤ ਕਰੇ। ਦੋਵੇਂ ਸੂਬਾ ਸਰਕਾਰਾਂ ਨੇ ਐਂਬੂਲੈਂਸ ਸੇਵਾ, ਸਿਵਲ ਸਰਜਨਾਂ, ਡਾਕਟਰਾਂਤੇ ਪੈਰਾ ਮੈਡੀਕਲ ਸਟਾਫ ਨੂੰ ਵੀ ਤਿਆਰ ਰੱਖਣ ਨੂੰ ਕਿਹਾ ਗਿਆ ਹੈ ਤਾਂ ਕਿ ਪ੍ਰਦਰਸ਼ਨਾਂ ਦੌਰਾਨ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਹੋਣ ‘ਤੇ ਚਕਿਸਤਾ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਪੀ. ਯੂ. ਨੇ ਸ਼ੁੱਕਰਵਾਰ ਨੂੰ ਹੋਣ ਵਾਲੀ ਪ੍ਰੀਖਿਆ ਵੀ ਟਾਲ ਦਿੱਤੀ ਹੈ। ਹੁਣ ਇਹ ਪ੍ਰੀਖਿਆ 14 ਅਕਤੂਬਰ ਨੂੰ ਪਹਿਲਾਂ ਤੈਅ ਸਮੇਂ ਅਨੁਸਾਰ ਹੋਵੇਗੀ।