Chandigarh Education Department : ਚੰਡੀਗੜ੍ਹ : ਸਰਕਾਰੀ ਸਕੂਲਾਂ ਦੇ ਖੁੱਲ੍ਹਣ ਤੋਂ ਬਾਅਦ ਸਿੱਖਿਆ ਸਕੱਤਰ ਵੱਲੋਂ ਬਣਾਈਆਂ ਗਈਆਂ ਟੀਮਾਂ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਰਿਪੋਰਟ ਮੁਤਾਬਕ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਕਈ ਨਵੇਂ ਨਿਯਮ ਤੈਅ ਕੀਤੇ ਹਨ। ਇਸ ਮੁਤਾਬਕ ਸ਼ਹਿਰ ਦੇ ਸਰਕਾਰੀ ਸਕੂਲਾਂ ‘ਚ ਰੋਜ਼ਾਨਾ ਦੋ ਸੈਸ਼ਨਾਂ ‘ਚ ਵਿਦਿਆਰਥੀਆਂ ਲਈ ਢਾਈ-ਢਾਈ ਘੰਟੇ ਦੀਆਂ ਕਲਾਸਾਂ ਲੱਗਣਗੀਆਂ। ਰੋਜ਼ਾਨਾ 59 ਫੀਸਦੀ ਟੀਚਰਾਂ ਨੂੰ ਸਵੇਰੇ 8.30 ਵਜੇ ਤੋਂ 2.30 ਵਜੇ ਤੱਕ ਸਕੂਲਾਂ ‘ਚ ਹਾਜ਼ਰ ਰਹਿਣਾ ਹੋਵੇਗਾ।
ਜਾਰੀ ਹੁਕਮਾਂ ਮੁਤਾਬਕ ਸਕੂਲ ਦੇ ਪ੍ਰਿੰਸੀਪਲ, ਹੈੱਡ ਤੇ ਇੰਚਾਰਜ ਨੂੰ ਰੋਜ਼ਾਨਾ ਸਕੂਲ ਆਉਣਾ ਹੋਵੇਗਾ ਤੇ ਪੂਰ ਸਮੇਂ ਸਕੂਲ ‘ਚ ਮੌਜੂਦ ਰਹਿ ਕੇ ਇਹ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਹੋ ਰਿਹਾ ਹੈ ਜਾਂ ਨਹੀਂ। ਸਕੂਲਾਂ ‘ਚ ਕਲਾਸਾਂ ਦੋ ਸੈਸ਼ਨਾਂ ‘ਚ ਲਗਾਈਆਂ ਜਾਣਗੀਆਂ। ਪਹਿਲਾਂ ਸੈਸ਼ਨ ਸਵੇਰੇ 9 ਤੋਂ 11.30 ਵਜੇ ਤੱਕ ਹੋਵੇਗਾ। ਇਸ ‘ਚ 10ਵੀਂ ਤੇ 12ਵੀਂ ਦੇ ਬੱਚਿਆਂ ਨੂੰ ਬੁਲਾਇਆ ਜਾਵੇਗਾ। ਦੂਜਾ ਸੈਸ਼ਨ ਦੁਪਹਿਰ 12 ਵਜੇ ਤੋਂ 2.30 ਵਜੇ ਤੱਕ ਹੋਵੇਗਾ। ਇਸ ‘ਚ 9ਵੀਂ ਤੇ 11ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਬੁਲਾਇਆ ਜਾਵੇਗਾ। ਹੁਕਮਾਂ ਮੁਤਾਬਕ ਵਿਦਿਆਰਥੀਆਂ ਨੂੰ ਸਕੂਲ ‘ਚ ਦਾਖਲ ਹੋਣ ਦੀ ਇਜਾਜ਼ਤ ਤਾਂ ਹੀ ਹੋਵੇਗਾ ਜੇਕਰ ਉਨ੍ਹਾਂ ਦੇ ਮਾਪਿਆਂ ਵੱਲੋਂ ਲਿਖਤੀ ‘ਚ ਸਹਿਮਤੀ ਹੋਵੇਗੀ।
ਸਿੱਖਿਆ ਵਿਭਾਗ ਦੇ ਹੁਕਮਾਂ ਮੁਤਾਬਕ ਟੀਚਰਾਂ ਲਈ ਇੱਕ ਅਜਿਹਾ ਟਾਈਮ ਟੇਬਲ ਬਣਾਉਣਾ ਹੋਵੇਗਾ ਜਿਸ ਮੁਤਾਬਕ ਸਾਰੇ ਟੀਚਰ ਇੱਕ ਦਿਨ ਛੱਡ ਕੇ ਸਕੂਲ ‘ਚ ਹਾਜ਼ਰ ਰਹਿਣ। ਇਸ ਤੋਂ ਇਲਾਵਾ ਮਿਡਲ ਤੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਸਕੂਲ ‘ਚ ਆਉਣਾ ਹੋਵੇਗਾ। ਹੁਕਮ ਮੁਤਾਬਕ ਬੀਮਾਰ ਹੋਣ ‘ਤੇ ਟੀਚਰ ਨੂੰ 3 ਦਿਨ ਤੋਂ ਵੱਧ ਦੀ ਛੁੱਟੀ ਲੈਣੀ ਹੋਵੇਗੀ ਤਾਂ ਉਨ੍ਹਾਂ ਨੂੰ ਕਿਸੇ ਸਰਕਾਰੀ ਹਸਪਤਾਲ ਦਾ ਮੈਡੀਕਲ ਸਰਟੀਫਿਕੇਟ ਦਿਖਾਉਣਾ ਹੋਵੇਗਾ। ਉਹ ਟੀਚਰ ਜੋ ਸਕੂਲ ‘ਚ ਹੋਣਗੇ ਉਨ੍ਹਾਂ ਨੂੰ ਵੀ ਆਨਲਾਈਨ ਕਲਾਸਾਂ ਰਾਹੀਂ ਆਪਣੀਆਂ ਸੇਵਾਵਾਂ ਦੇਣੀਆਂ ਹੋਣਗੀਆਂ। ਕੇਂਦਰ ਵੱਲੋਂ ਜਾਰੀ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।