Corona patients being : ਕੋਰੋਨਾ ਮਹਾਮਾਰੀ ‘ਚ ਜਿਥੇ ਹਰ ਇਨਸਾਨ ਆਰਥਿਕ ਮੰਦੀ ਦੇ ਦੌਰ ਤੋਂ ਲੰਘ ਰਿਹਾ ਹੈ, ਉਥੇ ਕੋਰੋਨਾ ਦਾ ਇਲਾਜ ਕਰ ਰਹੇ ਨਿੱਜੀ ਹਸਪਤਾਲਾਂ ‘ਚ ਨੋਟਾਂ ਦੀ ਬਰਸਾਤ ਹੋ ਰਹੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੇਕਰ ਕੋਈ ਕੋਰੋਨਾ ਪੀੜਤ ਨਿੱਜੀ ਹਸਪਤਾਲ ‘ਚ ਇਲਾਜ ਲਈ ਗਿਆ ਤਾਂ ਘੱਟ ਤੋਂ ਘੱਟ 10 ਦਿਨ ਉਥੇ ਰੱਖਿਆ ਜਾਂਦਾ ਹੈ। ਇਨ੍ਹਾਂ 10 ਦਿਨਾਂ ‘ਚ ਬਿੱਲ 3 ਲੱਖ ਰੁਪਏ ਬਣਦਾ ਹੈ। ਜੇਕਰ ਵਿਅਕਤੀ ਨੂੰ ਵੈਂਟੀਲੇਟਰ ‘ਤੇ ਜਾਣਾ ਪੈ ਗਿਆ ਤਾਂ ਉਥੇ ਬਿੱਲ 5 ਲੱਖ ਰੁਪਏ ਤੱਕ ਵਸੂਲਿਆ ਜਾ ਰਿਹਾ ਹੈ। ਪੰਜਾਬ ਦੇ ਸਰਕਾਰੀ ਹਸਪਤਾਲਾਂ ‘ਚ ਕੋਰੋਨਾ ਦੇ ਇਲਾਜ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਹਸਪਤਾਲਾਂ ‘ਚ ਸਿਰਫ ਆਕਸੀਜਨ ਦੀ ਵਿਵਸਥਾ ਹੈ। ਉਥੇ ਸਿਰਫ ਮੈਡੀਕਲ ਕਾਲਜਾਂ ‘ਚ ਵੈਂਟੀਲੇਟਰ ਦੀ ਸਹੂਲਤ ਹੈ।
ਪ੍ਰਾਈਵੇਟ ਹਸਪਤਾਲਾਂ ‘ਚ ਕੋਰੋਨਾ ਦਾ ਕੋਈ ਡਰ ਨਹੀਂ ਹੈ। ਇਥੇ ਭਰਤੀ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਅੰਦਰ ਜਾਣ ਦੀ ਪੂਰੀ ਇਜਾਜ਼ਤ ਹੈ। ਸਿਰਫ ਉਨ੍ਹਾਂ ਨੂੰ ਮਾਸਕ ਤੇ ਗਲਵ਼ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਨੇ ਕੋਰੋਨਾ ਪੀੜਤਾਂ ਲਈ ਪੂਰਾ ਪੈਕੇਜ ਬਣਾ ਕੇ ਰੱਖਿਆ ਹੋਇਆ ਹੈ। ਜੇਕਰ ਵਿਅਕਤੀ ਨੂੰ ਸਿਰਫ ਆਕਸੀਜਨ ਦੀ ਲੋੜ ਹੈ ਤਾਂ ਰੋਜ਼ਾਨਾ 20,000 ਰੁਪਏ ਦਾ ਖਰਚ ਬਣਾਇਆ ਜਾਂਦਾ ਹੈ ਤੇ ਦਵਾਈਆਂ ਇਸ ਤੋਂ ਵੱਖ ਹਨ। ਕੁੱਲ ਮਿਲਾ ਕੇ 25,000 ਰੁਪਏ ਪ੍ਰਤੀ ਦਿਨ ਦਾ ਖਰਚ ਆਉਂਦਾ ਹੈ। ਜੇਕਰ ਮਰੀਜ਼ ਦੀ ਹਾਲਤ ਗੰਭੀਰ ਹੋਣ ‘ਤੇ ਵੈਂਟੀਲੇਟਰ ‘ਤੇ ਜਾਣਾ ਪਿਆ ਤਾਂ ਇਹੀ ਖਰਚ ਪ੍ਰਤੀ ਦਿਨ 30,000 ਰੁਪਏ ਤੋਂ ਵੱਧ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਇਨ੍ਹਾਂ ਹਸਪਤਾਲਾਂ ‘ਚ ਲੈਬਾਰਟਰੀ ਟੈਸਟ ਹੋਵੇ ਜਾਂ ਫਿਰ ਦਵਾਈਆਂ ਦਾ ਬਿੱਲ ਸਾਰਾ ਕੁਝ ਮਹਿੰਗਾ ਪੈ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਨਿੱਜੀ ਹਸਪਤਾਲਾਂ ਦੇ ਡਾਕਟਰ ਸਵੇਰੇ ਸ਼ਾਮ ਮਰੀਜ਼ ਨੂੰ ਦੇਖਣ ਲਈ ਰੋਜ਼ਾਨਾ ਵੀਜ਼ੀਟਿੰਗ ਫੀਸ ਵੱਖ ਤੋਂ ਲੈਂਦੇ ਹਨ। ਇਕ ਵਾਰ ਆਉਣ ਦੀ ਫੀਸ 1500 ਰੁਪਏ ਹੈ। ਇੱਕ ਦਿਨ ‘ਚ 3000 ਰੁਪਏ ਸਿਰਫ ਵੀਜ਼ੀਟਿੰਗ ਫੀਸ ਲਈ ਜਾ ਰਹੀ ਹੈ।