Punjab University issues : ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਨਵੀਂ ਗਾਈਡਲਾਈਜ ਜਾਰੀ ਕੀਤੀ ਹੈ। ਇਸ ਗਾਈਡਲਾਈਨਜ਼ ਤਹਿਤ ਹੁਣ ਪੀ. ਯੂ. ਦੇ ਕਿਸੇ ਵੀ ਵਿਭਾਗ ਜਾਂ ਦਫਤਰ ‘ਚ ਦੋ ਜਾਂ ਉਸ ਤੋਂ ਵੱਧ ਕੋਰੋਨਾ ਪੀੜਤ ਕੇਸ ਆਉਂਦੇ ਹਨ ਤਾਂ ਹੀ ਉਸ ਵਿਭਾਗ ਜਾਂ ਫਿਰ ਦਫਤਰ ਨੂੰ ਬੰਦ ਕੀਤਾ ਜਾਵੇਗਾ। ਜੇਕਰ ਇੱਕ ਕੋਰੋਨਾ ਪੀੜਤ ਕੇਸ ਆਉਂਦਾ ਹੈ ਤਾਂ ਫਿਰ ਵਿਭਾਗ ਨੂੰ ਬੰਦ ਨਹੀਂ ਕੀਤਾ ਜਾਵੇਗਾ।
ਪੀ. ਯੂ. ‘ਚ ਰੋਜ਼ਾਨਾ ਕੋਈ ਨਾ ਕੋਈ ਕੋਰੋਨਾ ਕੇਸ ਆ ਰਿਹਾ ਹੈ ਜਿਸ ਨਾਲ ਪੀ. ਯੂ. ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਥੇ ਪੀ. ਯੂ. ਪ੍ਰਸ਼ਾਸਨ ਨੇ ਇਸ ਵਾਰ ਜਾਰੀ ਗਾਈਡਲਾਈਨਜ਼ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਨਵੇਂ ਫੈਸਲੇ ਲਏ ਹਨ ਹਾਲਾਂਕਿ ਇਸ ਤੋਂ ਪਹਿਲਾਂ ਵੀ ਪੀ. ਯੂ. ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਗਾਈਡਲਾਈਨਜ਼ ਜਾਰੀ ਹੋ ਚੁੱਕੀਆਂ ਹਨ ਜਿਸ ਤੋਂ ਬਾਅਦ ਵੀ ਕੈਂਪਸ ‘ਚ ਕੋਰੋਨਾ ਪੀੜਤ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ।
ਪੀ. ਯੂ. ‘ਚ ਕੋਰੋਨਾ ਪੀੜਤ ਮਾਮਲੇ ਆਉਣ ਤੋਂ ਬਾਅਦ ਉਸ ਬ੍ਰਾਂਚ ਜਾਂ ਵਿਭਾਗ ਨੂੰ 48 ਘੰਟੇ ਲਈ ਬੰਦ ਕਰ ਦਿੱਤਾ ਜਾਂਦਾ ਹੈ। ਹੁਣ ਵੀ ਕੈਂਪਸ ‘ਚ 12 ਤੋਂ ਵੱਧ ਡਿਪਾਰਟਮੈਂਟ ਅਜਿਹੇ ਹਨ ਜਿਨ੍ਹਾਂ ‘ਚ ਕੋਰੋਨਾ ਪੀੜਤ ਮਾਮਲੇ ਆਏ ਹਨ ਅਤੇ ਉਹ ਬੰਦ ਹਨ। ਵਿਭਾਗ ਤੋਂ ਇਲਾਵਾ ਪ੍ਰਸ਼ਾਸਨਿਕ ਬਲਾਕ ‘ਚ ਬਣੀਆਂ ਵੱਖ-ਵੱਖ ਬ੍ਰਾਂਚਾਂ ਵੀ ਬੰਦ ਹਨ। ਪ੍ਰਸ਼ਾਸਨਿਕ ਬਲਾਕ ‘ਚ ਸੋਮਵਾਰ ਨੂੰ ਕਈ ਬ੍ਰਾਂਚਾਂ 4 ਦਿਨ ਬਾਅਦ ਖੁੱਲ੍ਹੀਆਂ ਹਨ। ਇਨ੍ਹਾਂ ‘ਚ ਐਗਜ਼ਾਮੀਨੇਸ਼ਨ ਅਤੇ ਸਰਟੀਫਿਕੇਟ ਬ੍ਰਾਂਚ ਮੁੱਖ ਹਨ। ਸਰਟੀਫਿਕੇਟ ਬ੍ਰਾਂਚ ਤੋਂ ਹੀ ਪੀ. ਯੂ. ਤੋਂ ਪਾਸ ਹੋਏ ਵਿਦਿਆਰਥੀ ਜਾਂ ਫਿਰ ਇਸ ਤੋਂ ਮਾਨਤਾ ਪ੍ਰਾਪਤ ਕਾਲਜ ਦੇ ਬੱਚਿਆਂ ਲਈ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। ਰੋਜ਼ਾਨਾ ਬ੍ਰਾਂਚ ਬੰਦ ਹੋਣ ਕਾਰਨ ਲਗਭਗ 1000 ਤੋਂ ਵੱਧ ਵਿਦਿਆਰਥੀਆਂ ਦੇ ਸਰਟੀਫਿਕੇਟ ਜਾਰੀ ਨਹੀਂ ਹੋਏ ਹਨ।