Due to lockdown : ਜਲੰਧਰ : ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਕੁਲੈਕਸ਼ਨ ‘ਚ ਲੌਕਡਾਊਨ ਕਾਰਨ ਕਮੀ ਆਈ ਹੈ। 30 ਸਤੰਬਰ ਤੱਕ ਨਗਰ ਨਿਗਮ ਅੰਦਾਜ਼ਨ 17 ਤੋਂ 18 ਕਰੋੜ ਰੁਪਏ ਪ੍ਰਾਪਰਟੀ ਟੈਕਸ ਜਮ੍ਹਾ ਕਰ ਲੈਂਦਾ ਹੈ ਪਰ ਇਸ ਵਾਰ 28 ਸਤੰਬਰ ਤੱਕ ਸਿਰਫ 11 ਕਰੋੜ ਹੀ ਇਕੱਠੇ ਹੋਏ ਹਨ। ਨਗਰ ਨਿਗਮ ਦੀ ਟੈਕਸ ਕਲੈਕਸ਼ਨ ‘ਚ ਇਹ ਕਮੀ ਹੋਟਲ ਇੰਡਸਟਰੀ, ਵੱਡੇ ਸ਼ੋਅਰੂਮ ਤੋਂ ਮਿਲਣ ਵਾਲੇ ਟੈਕਸ ‘ਚ ਆਈ ਕਮੀ ਕਾਰਨ ਹੋਈ ਹੈ।
30 ਸਤੰਬਰ ਤੱਕ ਪ੍ਰਾਪਰਟੀ ਟੈਕਸ ਜਮ੍ਹਾ ਕਰਾਉਣ ‘ਤੇ 10 ਪੀਸਦੀ ਦੀ ਛੋਟ ਹੈ ਜੋ ਕਿ 1 ਅਕਤੂਬਰ ਤੋਂ ਖਤਮ ਹੋ ਜਾਵੇਗੀ। ਨਗਰ ਨਿਗਮ ਨੂੰ ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ 40 ਲੱਖ ਅਤੇ ਸੋਮਵਾਰ ਨੂੰ 65 ਲੱਖ ਰੁਪਏ ਇੱਖਟੇ ਹੋਏ ਹਨ। ਇਸ ਦੇ ਬਾਵਜੂਦ ਵੀ ਪਿਛਲੇ ਸਾਲ ਦੀ ਤੁਲਨਾ ‘ਚ ਨਗਰ ਨਿਗਮ ਕਾਫੀ ਪਿੱਛੇ ਹੈ। ਹੋਟਲ ਇੰਡਸਟਰੀ ਤੇ ਵੱਡੇ ਸ਼ੋਅਰੂਮ ਪ੍ਰਾਪਰਟੀ ਟੈਕਸ ਦਾ ਆਧਾਰ ਹੈ ਪਰ ਇਸ ਵਾਰ ਸਾਲ 2020-21 ਲਈ ਇਨ੍ਹਾਂ ਤੋਂ ਟੈਕਸ ਨਹੀਂ ਆ ਰਿਹਾ ਹੈ।
ਲੌਕਡਾਊਨ ਕਾਰਨ ਲਗਭਗ 4 ਮਹੀਨੇ ਤੱਕ ਹੋਟਲ ਕਾਰੋਬਾਰ ਪੂਰੀ ਤਰ੍ਹਾਂ ਠੱਪ ਰਿਹਾ ਹੈ ਤੇ ਉਸ ਤੋਂ ਬਾਅਦ ਵੀ ਅਜੇ ਕੰਮ ‘ਚ ਤੇਜ਼ੀ ਨਹੀਂ ਆ ਰਹੀ। ਇਸ ਤਰ੍ਹਾਂ ਵੱਡੇ ਸ਼ੋਅਰੂਮ ਵੀ ਨੁਕਸਾਨ ‘ਚ ਚੱਲ ਰਹੇ ਹਨ। ਸਾਲ 2019-20 ‘ਚ ਨਗਰ ਨਿਗਮ ਨੂੰ ਲਗਭਗ 1 ਲੱਖ ਲੋਕਾਂ ਤੋਂ ਟੈਕਸ ਮਿਲਿਆ ਸੀ। ਸਤੰਬਰ ਤੱਕ ਲਗਭਗ 70 ਹਜ਼ਾਰ ਯੂਨਿਟ ਤੋਂ ਟੈਕਸ ਮਿਲ ਜਾਂਦਾ ਹੈ ਪਰ ਇਸ ਵਾਰ ਇਹ ਗਿਣਤੀ ਲਗਭਗ 40,000 ‘ਤੇ ਹੀ ਰੁਕ ਗਈ ਹੈ। ਹੋਟਲ ਇੰਡਸਟਰੀ ਤੇ ਵੱਡੇ ਸ਼ੋਅਰੂਮ ਮਾਲਕਾਂ ਨੂੰ ਅਜਿਹੀ ਉਮੀਦ ਹੈ ਕਿ ਪੰਜਾਬ ਸਰਕਾਰ ਲੌਕਡਾਊਨ ਸਮੇਂ ਕਾਰਨ ਪ੍ਰਾਪਰਟੀ ‘ਚ ਛੋਟ ਦੇ ਸਕਦੀ ਹੈ। ਇਸੇ ਲਈ ਕਾਰੋਬਾਰੀ ਟੈਕਸ ਜਮ੍ਹਾ ਕਰਵਾਉਣ ‘ਚ ਦੇਰੀ ਕਰ ਰਹੇ ਹਨ।