hathras gangrape case: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹਾਥਰਸ ਸਮੂਹਿਕ ਜਬਰ ਜਨਾਹ ਮਾਮਲੇ ‘ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਥਰਾਸ ਵਿੱਚ ਮਾਸੂਮ ਲੜਕੀ ਨਾਲ ਜੋ ਘਟਨਾ ਵਾਪਰੀ ਹੈ ਉਹ ਸਾਡੇ ਸਮਾਜ ’ਤੇ ਕਲੰਕ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਹਾਥਰਸ ਦੀ ਨਿਰਭਿਆ ਦੀ ਮੌਤ ਨਹੀਂ ਹੋਈ ਹੈ, ਉਸ ਨੂੰ ਬੇਰਹਿਮ ਸਰਕਾਰ ਨੇ ਮਾਰਿਆ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਪੀੜਤ ਪਰਿਵਾਰ ਦੇ ਨਾਲ ਦ੍ਰਿੜਤਾ ਨਾਲ ਖੜੀ ਹੈ। ਯੂ ਪੀ ਸਰਕਾਰ ਨੇ ਇਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕੀ ਲੜਕੀ ਹੋਣਾ ਅਪਰਾਧ ਹੈ। ਕੀ ਕਿਸੇ ਗਰੀਬ ਦੀ ਕੁੜੀ ਹੋਣਾ ਅਪਰਾਧ ਹੈ? ਯੂ ਪੀ ਸਰਕਾਰ ਕੀ ਕਰ ਰਹੀ ਸੀ? ਪੀੜਤ ਪਰਿਵਾਰ ਦੀ ਇਨਸਾਫ ਦੀ ਮੰਗ ਨੂੰ ਹਫ਼ਤਿਆਂ ਤੱਕ ਨਹੀਂ ਸੁਣਿਆ ਗਿਆ। ਬੱਚੀ ਨੂੰ ਸਮੇਂ ਸਿਰ ਸਹੀ ਇਲਾਜ ਨਹੀਂ ਮਿਲਿਆ। ਅੱਜ ਇੱਕ ਧੀ ਸਾਨੂੰ ਛੱਡ ਗਈ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਜਦੋਂ ਹਾਥਰਸ ਦੀ ਧੀ ਜ਼ਿੰਦਾ ਸੀ, ਉਸ ਦੀ ਸੁਣਵਾਈ ਨਹੀਂ ਹੋਈ। ਉਹ ਸੁਰੱਖਿਅਤ ਨਹੀਂ ਸੀ। ਉਸ ਦੀ ਮੌਤ ਤੋਂ ਬਾਅਦ ਉਸਨੂੰ ਉਸਦੇ ਪਰਿਵਾਰ ਹਵਾਲੇ ਨਹੀਂ ਕੀਤਾ ਗਿਆ। ਇੱਕ ਮਾਂ ਆਪਣੀ ਧੀ ਨੂੰ ਆਖਰੀ ਵਾਰ ਵਿਦਾਈ ਵੀ ਨਹੀਂ ਦੇ ਸਕੀ। ਇਹ ਬਹੁਤ ਗੰਭੀਰ ਪਾਪ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੜਕੀ ਦਾ ਜ਼ਬਰਦਸਤੀ ਸਸਕਾਰ ਕੀਤਾ ਗਿਆ ਸੀ। ਮੌਤ ਤੋਂ ਬਾਅਦ ਇੱਕ ਵਿਅਕਤੀ ਦੀ ਇੱਜ਼ਤ ਹੁੰਦੀ ਹੈ। ਪਰ ਲੜਕੀ ਨੂੰ ਯਤੀਮ ਵਾਂਗ ਸਾੜ ਦਿੱਤਾ ਗਿਆ ਸੀ। ਇਹ ਕਿਹੋ ਜਿਹਾ ਇਨਸਾਫ ਹੈ? ਇਹ ਕਿਹੋ ਜਿਹੀ ਸਰਕਾਰ ਹੈ? ਸਰਕਾਰ ਨੂੰ ਲੱਗਦਾ ਹੈ ਕਿ ਉਹ ਕੁੱਝ ਵੀ ਕਰਦੀ ਰਹੇਗੀ ਅਤੇ ਦੇਸ਼ ਦੇਖਦਾ ਰਹੇਗਾ। ਇਹ ਬਿਲਕੁਲ ਨਹੀਂ ਹੋ ਸਕਦਾ। ਦੇਸ਼ ਤੁਹਾਡੀ ਬੇਇਨਸਾਫੀ ਦੇ ਵਿਰੁੱਧ ਬੋਲੇਗਾ। ਕਾਂਗਰਸ ਪੀੜਤ ਪਰਿਵਾਰ ਨਾਲ ਖੜੀ ਹੈ। ਵਿਰੋਧੀ ਧਿਰ ਦੇ ਹਮਲੇ ਦੇ ਵਿਚਕਾਰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਥਰਸ ਸਮੂਹਿਕ ਬਲਾਤਕਾਰ ਪੀੜਤ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ। ਪੀੜਤ ਲੜਕੀ ਦੇ ਪਿਤਾ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੁੱਖ ਮੰਤਰੀ ਨੇ ਲੜਕੀ ਦੇ ਪਿਤਾ ਨਾਲ ਗੱਲਬਾਤ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਲਈ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨੂੰ 25 ਲੱਖ ਸਹਾਇਤਾ ਦੇਣ ਦਾ ਐਲਾਨ ਕੀਤਾ। ਸੀਐਮ ਯੋਗੀ ਨੇ ਕਿਹਾ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਸਰਕਾਰ ਪਰਿਵਾਰ ਨੂੰ ਇੱਕ ਘਰ ਵੀ ਅਲਾਟ ਕਰੇਗੀ।