five parrots removed from zoo in england: ਲੰਡਨ: ਸਾਰਿਆਂ ਨੇ ਤੋਤਿਆਂ ਨੂੰ ਗਾਉਂਦੇ ਹੋਏ ਜਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਜ਼ਰੂਰ ਦੇਖਿਆ ਹੋਵੇਗਾ। ਪਰ ਬ੍ਰਿਟੇਨ ਦੇ ਇੱਕ ਚਿੜੀਆਘਰ ਤੋਂ ਇੱਕ ਹੈਰਾਨਕੁਨ ਖਬਰ ਸਾਹਮਣੇ ਆਈ ਹੈ। ਇੱਥੇ ਚਿੜੀਆਘਰ ਦੇ ਸਟਾਫ ਨੂੰ 5 ਤੋਤੇ ਹਟਾਉਣੇ ਪਏ ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪੰਜ ਤੋਤਿਆਂ ਨੇ ਕੁੱਝ ਸਮਾਂ ਏਕਾਂਤਵਾਸ ਵਿੱਚ ਬਿਤਾਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਵਿੱਚ ਇਹ ਤਬਦੀਲੀ ਦੇਖਣ ਨੂੰ ਮਿਲੀ ਹੈ। ਇਹ ਤੋਤੇ ਆਪਣੇ ਬੱਚਿਆਂ ਸਮੇਤ ਚਿੜੀਆਘਰ ਦੇਖਣ ਆਉਣ ਵਾਲੇ ਲੋਕਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ ਸਨ। ਜਿਸ ਕਾਰਨ ਚਿੜੀਆਘਰ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਰਿਪੋਰਟ ਦੇ ਅਨੁਸਾਰ, ਇਹ ਤੋਤੇ ਪੂਰਬੀ ਇੰਗਲੈਂਡ ਦੇ ਲਿੰਕਨਸ਼ਾਇਰ ਵਾਈਲਡ ਲਾਈਫ ਪਾਰਕ ਨੂੰ ਦਿੱਤੇ ਗਏ ਸਨ। ਪਾਰਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਵੀ ਵਾਪਰੀ ਹੈ ਪਰ ਇਹ ਪੰਜ ਤੋਤੇ ਲਗਾਤਾਰ ਲੋਕਾਂ ਨੂੰ ਗਾਲ੍ਹਾਂ ਦੇ ਰਹੇ ਸਨ, ਜਿਸ ਕਾਰਨ ਪ੍ਰੇਸ਼ਾਨੀ ਹੋ ਰਹੀ ਸੀ।

ਪਾਰਕ ਦੇ ਮੁੱਖ ਕਾਰਜਕਾਰੀ ਨੇ ਇਨ੍ਹਾਂ ਪੰਜ ਤੋਤਿਆਂ ਦਾ ਨਾਮ ਏਰਿਕ, ਜੇਡ, ਟਾਇਸਨ, ਬਿਲੀ, ਐਲਸੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਤੋਤੇ ਵੱਖ-ਵੱਖ ਵਿਅਕਤੀਆਂ ਨੇ ਚਿੜੀਆਘਰ ਨੂੰ ਦਿੱਤੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁੱਝ ਸਮੇਂ ਲਈ ਏਕਾਂਤਵਾਸ ਰੱਖਿਆ ਗਿਆ ਸੀ, ਅਤੇ ਸਮਾਂ ਪੂਰਾ ਹੋਣ ‘ਤੇ ਜਦੋਂ ਉਹ ਚਿੜੀਆਘਰ ਵਿੱਚ ਆਏ, ਉਨ੍ਹਾਂ ਨੇ ਲੋਕਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਬੱਚੇ, ਬਜ਼ੁਰਗ ਸਭ ਲੋਕਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ। ਜਿਸ ਕਾਰਨ ਉਨ੍ਹਾਂ ਨੂੰ ਵੱਖ ਕਰਨ ਦਾ ਫੈਸਲਾ ਲਿਆ ਗਿਆ। ਅਧਿਕਾਰੀ ਨੇ ਅੱਗੇ ਦੱਸਿਆ ਕਿ ਪੰਛੀ ਕੁੱਝ ਵੀ ਬੋਲਣਾ ਸਿੱਖ ਸਕਦੇ ਹਨ, ਉਹ ਸ਼ਬਦਾਂ ਨੂੰ ਆਸਾਨੀ ਨਾਲ ਫੜ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਤੋਤੇ ਦੀ ਦੁਰਵਰਤੋਂ ਦਾ ਅਨੰਦ ਵੀ ਲੈਂਦੇ ਹਨ। ਪਰ ਬੱਚਿਆਂ ਉੱਤੇ ਇਸਦਾ ਮਾੜਾ ਪ੍ਰਭਾਵ ਪੈ ਰਿਹਾ ਸੀ, ਅਤੇ ਇਨ੍ਹਾਂ ਤੋਤਿਆਂ ਨੂੰ ਨਿਰੰਤਰ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਵੇਖਦਿਆਂ, ਉਨ੍ਹਾਂ ਨੂੰ ਕੁੱਝ ਸਮੇਂ ਲਈ ਚਿੜੀਆਘਰ ਤੋਂ ਹਟਾਉਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੁਧਾਰ ਤੋਂ ਬਾਅਦ ਵਾਪਿਸ ਰੱਖਿਆ ਜਾਵੇਗਾ।






















