Bus Operators Association : ਮੋਹਾਲੀ : ਪੰਜਾਬ ‘ਚ ਲੌਕਡਾਊਨ ਦਾ ਅਸਰ ਹੁਣ ਦਿਖਾਈ ਦੇਣ ਲੱਗਾ ਹੈ। ਸਕੂਲ ਤੇ ਕਾਲਜ ਬੱਸ ਆਪ੍ਰੇਟਰ ਐਸੋਸੀਏਸ਼ਨ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਸਾਰੇ ਟੈਕਸ ਮੁਆਫ ਕਰਨ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਨਾ ਸਿਰਫ ਸੰਘਰਸ਼ ਤੇਜ਼ ਕਰਨਗੇ ਸਗੋਂ ਆਪਣੀਆਂ ਬੱਸਾਂ ਦੀਆਂ ਚਾਬੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਰੱਖਣਗੇ।
ਸਕੂਲ ਤੇ ਕਾਲਜ ਬੱਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਹੈਪੀ, ਉਪ ਪ੍ਰਧਾਨ ਜਸਮੀਤ ਸਿੰਘ, ਜਨਰਲ ਸਕੱਤਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਲੌਕਡਾਊਨ ‘ਚ ਸਾਰੇ ਵਰਗਾਂ ਨੂੰ ਰਾਹਤ ਦਿੱਤੀ ਹੈ ਪਰ ਸਕੂਲ, ਕਾਲਜ ਬੱਸ ਆਪ੍ਰੇਟਰਾਂ ਦੀ ਅਣਦੇਖੀ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ 1-2 ਸਾਲਾਂ ਦੌਰਾਨ ਪੰਜਾਬ, ਹਰਿਆਣਾ ਹਾਈਕੋਰਟ ਵੱਲੋਂ ਜਾਰੀ ਨਿਰਦੇਸ਼ਾਂ ਦਾ ਪਾਲਣ ਕੀਤਾ ਹੈ। ਮਾਰਚ ਤੋਂ ਸਕੂਲ, ਕਾਲਜ ਬੰਦ ਹਨ। ਬੱਸਾਂ ਨਹੀਂ ਚੱਲ ਰਹੀਆਂ ਹਨ। ਬੱਸ ਆਪ੍ਰੇਟਰਾਂ ਦੀ ਆਮਦਨੀ ਦੇ ਸਾਧਨ ਖਤਮ ਹੋ ਚੁੱਕੇ ਹਨ। ਖੜ੍ਹੀਆਂ ਬੱਸਾਂ ਦੇ ਟੈਕਸ, ਕਿਸ਼ਤ, ਪਾਸਿੰਗ, ਬੀਮਾ ਆਦਿ ਦਾ ਖਰਚ ਲਗਾਤਾਰ ਵੱਧ ਰਿਹਾ ਹੈ। ਗੁਰਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਆਪ੍ਰੇਟਰਾਂ ਨੂੰ ਬੈਂਕਾਂ ਤੇ ਫਾਈਨਾਂਸਰਾਂ ਦੀਆਂ ਧਮਕੀਆਂ ਆ ਰਹੀਆਂ ਹਨ।
ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਦੋਂ ਤੱਕ ਸਕੂਲ ਕਾਲਜ ਪੂਰੀ ਤਰ੍ਹਾਂ ਨਹੀਂ ਖੁੱਲ੍ਹਦੇ ਉਦੋਂ ਤੱਕ ਟੈਕਸ, ਬੀਮਾ, ਪਾਸਿੰਗ ਤੇ ਕਿਸ਼ਤਾਂ ਆਦਿ ‘ਤੇ ਰੋਕ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਬੈਂਕਾਂ ਨੂੰ ਨਿਰਦੇਸ਼ ਜਾਰੀ ਕਰੇ ਕਿ ਉਹ ਬੱਸ ਆਪ੍ਰੇਟਰਾਂ ਨੂੰ ਪ੍ਰੇਸ਼ਾਨ ਨਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਤੇਜ਼ ਕਰਦੇ ਹੋਏ ਉਹ ਆਪਣੀਆਂ ਬੱਸਾਂ ਦੀਆਂ ਚਾਬੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਰੱਖਣਗੇ। ਇਸ ਮੌਕੇ ‘ਤੇ ਐਸੋਸੀਏਸ਼ਨ ਦੇ ਸਕੱਤਰ ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ, ਧੀਰਾ ਸਿੰਘ ਤੇ ਬਲਵਿੰਦਰ ਸਿੰਘ ਸਮੇਤ ਕਈ ਆਪ੍ਰੇਟਰ ਮੌਜੂਦ ਸਨ।