Delhi Schools remain closed: ਦਿੱਲੀ ਵਿੱਚ ਕੋਰੋਨਾ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਹੈ। ਅਜਿਹੀ ਸਥਿਤੀ ਵਿੱਚ ਬਿਨ੍ਹਾਂ ਕਿਸੇ ਕੰਮ ਦੇ ਬਾਹਰ ਨਿਕਲਨਾ ਖਤਰੇ ਤੋਂ ਖਾਲੀ ਨਹੀਂ ਹੈ। ਇਸ ਲਈ ਦਿੱਲੀ ਸਰਕਾਰ ਨੇ 31 ਅਕਤੂਬਰ ਤੱਕ ਸਾਰੇ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ । ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਨਿਰਦੇਸ਼ ਦਿੱਤਾ ਹੈ ਕਿ ਰਾਸ਼ਟਰੀ ਰਾਜਧਾਨੀ ਦੇ ਸਾਰੇ ਸਕੂਲ 31 ਅਕਤੂਬਰ ਤੱਕ ਬੰਦ ਰਹਿਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਸਕੂਲ ਨੂੰ 5 ਅਕਤੂਬਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਸੀ । ਕਿਹਾ ਜਾ ਰਿਹਾ ਸੀ ਕਿ ਸਕੂਲ 5 ਅਕਤੂਬਰ ਨੂੰ ਖੁੱਲ੍ਹਣਗੇ, ਪਰ ਕੋਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਫਿਰ ਆਪਣਾ ਫੈਸਲਾ ਬਦਲ ਲਿਆ ਹੈ । ਦਿੱਲੀ ਦੇ ਸਰਕਾਰੀ ਸਣੇ ਕਾਰਪੋਰੇਸ਼ਨ, ਐਨਡੀਐਮਸੀ, ਦਿੱਲੀ ਕੈਂਟ ਅਤੇ ਨਿੱਜੀ ਸਕੂਲਾਂ ‘ਤੇ ਬੰਦੀ ਦਾ ਇਹ ਆਦੇਸ਼ ਲਾਗੂ ਰਹੇਗਾ ਅਤੇ ਫਿਰ 31 ਅਕਤੂਬਰ ਤੋਂ ਬਾਅਦ ਹੀ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਜਾਵੇਗਾ।
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਕੇਸਾਂ ਦੀ ਕੋਈ ਘਾਟ ਨਹੀਂ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 75,829 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਐਤਵਾਰ ਨੂੰ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 65 ਲੱਖ ਤੋਂ ਪਾਰ ਹੋ ਗਈ ਹੈ। ਹਾਲਾਂਕਿ ਐਤਵਾਰ ਨੂੰ ਸਾਹਮਣੇ ਆਏ ਨਵੇਂ ਮਾਮਲਿਆਂ ਦੀ ਗਿਣਤੀ ਸ਼ਨੀਵਾਰ ਨੂੰ ਸਾਹਮਣੇ ਆਏ 79,476 ਨਵੇਂ ਮਾਮਲਿਆਂ ਨਾਲੋਂ 3,647 ਘੱਟ ਹੈ ।