A woman who : ਟਰੱਕ ਯੂਨੀਅਨ ਦੇ ਪਿੱਛੇ ਰੇਲਵੇ ਲਾਈਨ ਪਾਰ ਖੇਤਾਂ ‘ਚ ਮਜ਼ਦੂਰੀ ਕਰਨ ਵਾਲੀ 40 ਸਾਲਾ ਔਰਤ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਵਿਧਵਾ ਮਿਥੀਲੇਸ਼ ਵਾਸੀ ਚਾਂਦਪੁਰ ਨੱਠਿਆ ਜਿਲ੍ਹਾ ਬੰਦੂਆਂ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਹ ਆਪਣੇ ਧੀ-ਪੁੱਤ ਨਾਲ ਸਵੇਰੇ 10 ਵਜੇ ਖੇਤਾਂ ‘ਚ ਝੋਨੇ ਦੀਆਂ ਬਾਲੀਆਂ ਚੁਗਣ ਗਈ ਸੀ। ਬੱਚੇ ਆਪਣੀ ਮਾਂ ਤੋਂ ਵੱਖ ਹੋ ਕੇ ਕੰਮ ਕਰ ਰਹੇ ਸਨ। ਦੁਪਹਿਰ ਲਗਭਗ 12.30 ਵਜੇ ਖਾਣਾ ਖਾਣ ਲਈ ਮਾਂ ਕੋਲ ਪਰਤੇ ਤਾਂ ਦੇਖਿਆ ਕਿ ਮਾਂ ਉਥੇ ਨਹੀਂ ਸੀ। ਇਸ ਸਬੰਧ ‘ਚ ਖੇਤ ਮਾਲਕ ਨੇ ਵੀ ਬੱਚਿਆਂ ਨੂੰ ਕੁਝ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਖੇਤ ਮਾਲਕ ਤੋਂ ਪੁੱਛਿਆ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਇਸ ਸਬੰਧੀ ਬੱਚਿਆਂ ਨੇ ਆਪਣੇ ਮਾਮੇ ਨੂੰ ਦੱਸਿਆ ਤੇ ਉਹ ਉਥੇ ਪੁੱਜੇ।
ਮ੍ਰਿਤਕ ਦੇ ਪਤੀ ਦੀ 5 ਸਾਲ ਪਹਿਲਾਂ ਹੀ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ ਤੇ ਉਹ ਆਪਣੇ ਚਾਰ ਬੱਚਿਆਂ ਨਾਲ ਭਗਤ ਸਿੰਘ ਨਗਰ ਵਿਖੇ ਰਹਿ ਰਹੀ ਸੀ। ਛਾਣਬੀਣ ਦੌਰਾਨ ਖੇਤਾਂ ‘ਚ ਫੇਰੇ ਗਏ ਕਟਰ ਦੀ ਲਪੇਟ ‘ਚ ਆਇਆ ਮਹਿਲਾ ਦਾ ਝੋਲਾ, ਟਿਫਨ, ਸੂਟ ਦਾ ਕੱਪੜਾ ਤੇ ਚੱਪਲ ਕੱਟਿਆ-ਫਟਿਆ ਮਿਲਿਆ ਹੈ। ਪੁਲਿਸ ਵੱਲੋਂ ਟਰੈਕਟਰ ਚਾਲਕ ਹਰਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਮੁਹੱਲਾ ਖਟੀਕ ਡੇਰਾਬੱਸੀ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਖੇਤਾਂ ‘ਚ ਟਰੈਕਟਰ ਰੀਪਰ ਕੰਮ ਕਰ ਰਿਹਾ ਸੀ ਤੇ ਇਸੇ ਦੌਰਾਨ ਖੇਤਾਂ ‘ਚ ਕੰਮ ਕਰ ਰਹੀ ਉਕਤ ਔਰਤ ਰੀਪਰ ‘ਚ ਆ ਗਈ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਡੇਰਾਬੱਸੀ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਟਰੈਕਟਰ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਲਾਸ਼ ਨੂੰ ਹਸਪਤਾਲ ਵਿਖੇ ਭਿਜਵਾ ਦਿੱਤੀ ਗਈ ਹੈ।