Chandigarh supermarket has : ਚੰਡੀਗੜ੍ਹ : ਇੱਕ ਟੁਥਪੇਸਟ ਪੈਕ ‘ਤੇ ਗਾਹਕ ਤੋਂ 5 ਰੁਪਏ ਵੱਧ ਵਸੂਲਣਾ ਪੰਜਾਬ ਦੇ ਸੰਗਰੂਰ ਸਥਿਤ ਮੋਰ ਸੁਪਰ ਮਾਰਕੀਟ ਨੂੰ ਮਹਿੰਗਾ ਪੈ ਗਿਆ। ਗਾਹਕ ਦੀ ਸ਼ਿਕਾਇਤ ‘ਤੇ ਸੁਣਵਾਈ ਕਰਦੇ ਹੋਏ ਸਟੇਟ ਕੰਜ਼ਿਊਮਰ ਡਿਸਪਿਊਟ ਰਿਡ੍ਰੇਸਲ ਕਮਿਸ਼ਨ, ਪੰਜਾਬ ਨੇ ਸੁਪਰ ਮਾਰਕੀਟ ‘ਤੇ ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ 5500 ਰੁਪਏ ਦਾ ਜੁਰਮਾਨਾ ਲਗਾਇਆ ਹੈ ਤੇ ਨਾਲ ਹੀ ਗਾਹਕ ਤੋਂ ਵਧ ਵਸੂਲੇ 5 ਰੁਪਏ ਵਾਪਸ ਦੇਣ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਇਹ ਮਾਮਲਾ ਜਿਲ੍ਹਾ ਫੋਰਨ ਨੇ ਖਾਰਜ ਕਰ ਦਿੱਤਾ ਸੀ। ਇਸ ਨੂੰ ਸ਼ਿਕਾਇਤਕਰਤਾ ਨੇ ਸਟੇਟ ਕੰਜ਼ਿਊਮਰ ਕਮਿਸ਼ਨ ‘ਚ ਚੁਣੌਤੀ ਦਿੱਤੀ ਸੀ। ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਮਿਸ਼ਨ ਨੇ ਹੁਣ ਜਿਲ੍ਹਾ ਫੋਰਮ ਦੇ ਪਹਿਲਾਂ ਜਾਰੀ ਹੋਏ ਹੁਕਮ ਨੂੰ ਖਾਰਜ ਕਰ ਦਿੱਤਾ ਤੇ ਨਾਲ ਹੀ ਸੁਪਰ ਮਾਰਕੀਟ ਨੂੰ ਦੋਸ਼ੀ ਦੱਸਦੇ ਹੋਏ ਉਸ ‘ਤੇ ਜੁਰਮਾਨਾ ਲਗਾਇਆ।
ਸੰਗਰੂਰ ਦੀ ਚਰਨਜੀਤ ਕੌਰ ਨੇ ਚੰਡੀਗੜ੍ਹ ਸਥਿਤ ਪੰਜਾਬ ਸਟੇਟ ਕੰਜ਼ਿਊਮਰ ਡਿਸਪਿਊਟ ਰਿਡ੍ਰੇਸਲ ਕਮਿਸ਼ਨ ‘ਚ ਦਿੱਤੀ ਆਪਣੀ ਸ਼ਿਕਾਇਤ ‘ਚ ਦੱਸਿਆ ਸੀ ਕਿ 29 ਜੁਲਾਈ 2018 ਨੂੰ ਉਹ ਮੋਰ ਸੁਪਰ ਮਾਰਕੀਟ ‘ਚ ਸਾਮਾਨ ਲੈਣ ਗਈ ਸੀ। ਉਸ ਨੇ ਟੁਥਪੇਸਟ ਪੈਕ ‘ਕਲੋਜ਼ਅੱਪ ਟੁਥਪੇਸਟ ਰੈੱਡ ਹਾਟ’ ਖਰੀਦਿਆ। ਪੈਕ ਦਾ MRP ਰੇਟ 140 ਰੁਪੇ ਸੀ ਪਰ ਬਿੱਲ ‘ਤੇ ਉਸ ਕੋਲੋਂ 145 ਰੁਪਏ ਵਸੂਲੇ ਗਏ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ 5 ਰੁਪਏ ਵਾਪਸ ਕਰਨ ਨੂੰ ਕਿਹਾ ਤਾਂ ਉਹ ਨਹੀਂ ਮੰਨਿਆ। ਇਸ ਲਈ ਉਨ੍ਹਾਂ ਨੇ ਕੰਜ਼ਿਊਮਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ।
ਸੁਪਰ ਮਾਰਕੀਟ ਨੇ ਦਲੀਲ ਦਿੱਤੀ ਕਿ ਸ਼ਿਕਾਇਤਕਰਤਾ ਨੇ ਪ੍ਰੋਡਕਟ ਉਨ੍ਹਾਂ ਦੀ ਮਾਰਕੀਟ ਤੋਂ ਹੀ ਖਰੀਦਿਆ ਹੈ, ਇਸ ਦਾ ਕੋਈ ਸਬੂਤ ਨਹੀਂ ਦਿੱਤਾ। ਜੋ MRP ਰੇਟ ਲਿਖਿਆ ਗਿਆ ਹੈ ਉਹ ਮੈਨੂਫੈਕਚਰਰ ਕੰਪਨੀ ਲਿਖਦੀ ਹੈ। ਇਸ ਪ੍ਰੋਡਕਟ ਨੂੰ ਬਣਾਉਣ ਵਾਲੀ ਕੰਪਨੀ ਆਪਣੇ ਇੱਕ ਹੀ ਬੈਚ ਦੇ ਸਾਮਾਨ ਪ੍ਰੋਡਕਟ ‘ਤੇ ਵੱਖ-ਵੱਖ ਰੇਟ ਲਿਖਦੀ ਹੈ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੇ 10 ਮਹੀਨੇ ਬਾਅਦ ਸ਼ਿਕਾਇਤ ਦਿੱਤੀ ਹੈ। ਦੂਜੇ ਪਾਸੇ ਚਰਨਜੀਤ ਕੌਰ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੇ ਪ੍ਰੋਡਕਟ ਸੁਪਰ ਮਾਰਕੀਟ ਤੋਂ ਹੀ ਖਰੀਦਿਆ ਹੈ। ਇਸ ਲਈ ਉਨ੍ਹਾਂ ਵੱਲੋਂ ਦਿੱਤਾ ਗਿਆ ਬਿੱਲ ਕਮਿਸ਼ਨ ‘ਚ ਪੇਸ਼ ਕੀਤਾ ਗਿਆ ਹੈ।