Strict security arrangements : ਅੱਜ ਰਾਹੁਲ ਗਾਂਧੀ ਦਾ ਪੰਜਾਬ ‘ਚ ਟਰੈਕਟਰ ਰੈਲੀ ਦਾ ਆਖਰੀ ਦਿਨ ਹੈ। ਅੱਜ ਉਹ ਪਟਿਆਲਾ ਜਿਲ੍ਹੇ ਦੇ ਦੂਧਨ ਸਾਧਾਂ ‘ਚ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਉਨ੍ਹਾਂ ਦਾ ਟਰੈਕਟਰ ਰੋਡ ਸ਼ੋਅ ਪਿਹੋਵਾ ਦੇ ਰਸਤੇ ਹਰਿਆਣਾ ‘ਚ ਦਾਖਲ ਹੋਵੇਗਾ। ਇਸ ਨੂੰ ਲੈ ਕੇ ਪਿਛਲੇ ਕਈ ਦਿਨ ਤੋਂ ਮਾਹੌਲ ਤਣਾਅਪੂਰਨ ਹੈ। ਇੱਕ ਪਾਸੇ ਪੰਜਾਬ ਸਰਕਾਰ ਇਸ ਯਾਤਰਾ ਨੂੰ ਕਾਮਯਾਬ ਬਣਾਉਣ ‘ਚ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ ਤੇ ਦੂਜੇ ਪਾਸੇ ਹਰਿਆਣਾ ਸਰਕਾਰ ਨੇ ਮਹਾਮਾਰੀ ਅਧਿਨਿਯਮ ਦਾ ਹਵਾਲਾ ਦੇ ਕੇ ਰਾਹੁਲ ਗਾਂਧੀ ਦੇ ਟਰੈਕਟਰ ਮਾਰਚ ਨੂੰ ਸੂਬੇ ‘ਚ ਨਾ ਵੜਨ ਦੇਣ ਦਾ ਐਲਾਨ ਕੀਤਾ ਹੋਇਆ ਹੈ। ਪਟਿਆਲਾ ਦੇ ਦੂਧਨ ਸਾਧਾਂ ਤੋਂ ਲੈ ਕੇ ਦੋਵੇਂ ਸੂਬਿਆਂ ਦੀਆਂ ਸਰਹੱਦ ਤੱਕ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਥੇ ਪੂਰੇ ਹਾਈਵੇ ‘ਤੇ ਦੋਵੇਂ ਪਾਸੇ ਕਾਂਗਰਸ ਦੇ ਵੱਡੇ-ਵੱਡੇ ਝੰਡੇ ਲੱਗੇ ਹਨ ਤਾਂ ਬਾਰਡਰ ‘ਤੇ ਦੋਵੇਂ ਪਾਸੇ ਭਾਰੀ ਪੁਲਿਸ ਤਾਇਨਾਤ ਹੈ।
ਰਾਹੁਲ ਗਾਂਧੀ ਦੇ ਦੌਰੇ ਨੂੰ ਦੇਖਦੇ ਹੋਏ DGP ਦਿਨਕਰਰ ਗੁਪਤਾ ਨੇ ਰੂਟ ਪਲਾਨ ਨੂੰ ਦੇਖਦੇ ਹੋਏ ਸੁਰੱਖਿਆ ਨੂੰ ਲੈ ਕੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੋਏ ਹਨ। ਐੱਸ. ਐੱਸ. ਪੀ. ਪੱਧਰ ਦੇ ਸੀਨੀਅਰ ਅਧਿਕਾਰੀਆਂ ਨੂੰ ਰਾਹੁਲ ਗਾਂਧੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਟਰੈਕਟਰ ਮਾਰਚ ਦੌਰਾਨ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਸੁਰੱਖਿਆ ਵਿਵਸਥਾ ਮਜ਼ਬੂਤ ਹੋਵੇ ਕਿਉਂਕਿ ਟਰੈਕਟਰ ‘ਤੇ ਰਾਹੁਲ ਗਾਂਧੀ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਸੀਨੀਅਰ ਨੇਤਾ ਵੀ ਬਿਰਾਜਮਾਨ ਹੋਣਗੇ।
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਟਰੈਕਟਰ ਯਾਤਰਾ ਹਰਿਆਣਾ ‘ਚ ਦਾਖਲ ਹੋਣ ਤੋਂ ਬਾਅਦ ਪਹਿਲਾਂ ਦੋ ਦਿਨ ਦੀ ਹੋਣ ਵਾਲੀ ਸੀ ਪਰ ਹੁਣ ਇਸ ‘ਚ ਬਦਲਾਅ ਕੀਤਾ ਗਿਆ ਹੈ। ਹੁਣ ਟਰੈਕਟਰ ਯਾਤਰਾ ਕਰਨਾਲ ਨਹੀਂ ਜਾਵੇਗੀ, ਇਸ ਦਾ ਸਮਾਪਨ ਕੁਰੂਕਸ਼ੇਤਰ ‘ਚ ਹੀ ਕੀਤਾ ਜਾਵੇਗਾ। ਯਾਤਰਾ ਦੇ ਮੱਦੇਨਜ਼ਰ ਹਰਿਆਣਾ ‘ਚ ਪੁਲਿਸ ਨੇ ਵਾਧੂ ਪ੍ਰਬੰਧ ਕੀਤੇ ਹੋਏ ਹਨ। ਕੁਰੂਕਸ਼ੇਤਰ ਤੇ ਕਰਨਾਲ ਦੋਵੇਂ ਜਿਲ੍ਹਿਆਂ ‘ਚ 6-6 ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।