Two Sonipat students : ਜਲੰਧਰ ਦਿਹਾਤ ਪੁਲਿਸ ਨੇ ਇੱਕ ਕਿਲੋ ਹੈਰੋਇਨ ਸਮੇਤ ਹਰਿਆਣਾ ਦੇ ਸੋਨੀਪਤ ‘ਚ ਪੜ੍ਹਨ ਵਾਲੇ ਬੀ. ਏ. ਦੇ ਦੋ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੋਵੇਂ ਵਿਦਿਆਰਥੀਆਂ ਖਿਲਾਫ ਪਹਿਲਾਂ ਤੋਂ ਕੋਈ ਮਾਮਲਾ ਦਰਜ ਨਹੀਂ ਹੈ। ਹਾਲਾਂਕਿ ਪੁਲਿਸ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਜਲੰਧਰ ਦਿਹਾਤ ਪੁਲਿਸ ਦੇ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ CIA ਸਟਾਫ ਦੇ ਸਬ-ਇੰਸਪੈਕਟਰ ਪੰਕਜ ਕੁਮਾਰ ਨੇ ਪਿੰਡ ਰਾਏਪੁਰ ਰਸੂਲਪੁਰ ਲਿੰਕ ਰੋਡ ਤੋਂ ਪੈਦਲ ਆਉਂਦੇ ਹੋਏ ਦੋ ਨੌਜਵਾਨਾਂ ਨੂੰ ਰੋਕਿਆ। ਤਲਾਸ਼ੀ ਲੈਣ ‘ਤੇ ਉਨ੍ਹਾਂ ਦੇ ਕਿਟ ਬੈਗ ਤੋਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ। ਜਾਂਚ ‘ਚ ਸਾਹਮਣੇ ਆਇਆ ਕਿ ਇਹ ਹੈਰੋਇਨ ਉਹ ਦਿੱਲੀ ਤੋਂ ਕਿਸੇ ਨਾਈਜੀਰੀਅਨ ਸਮੱਗਲਰ ਤੋਂ ਲੈ ਕੇ ਆਏ ਸਨ ਅਤੇ ਜਲੰਧਰ ‘ਚ ਹੀ ਇਸ ਨੂੰ ਸਪਲਾਈ ਕਰਨਾ ਸੀ। ਹਾਲਾਂਕਿ ਸਪਲਾਈ ਕਰਨ ਤੋਂ ਪਹਿਲਾਂ ਹੀ ਉਹ ਪੁਲਿਸ ਦੇ ਹੱਥੇ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਦੋਵੇਂ ਬੀ. ਏ. ਫਸਟ ਈਅਰ ਦੇ ਵਿਦਿਆਰਥੀ ਹਨ ਅਤੇ ਹੁਣ ਇਨ੍ਹਾਂ ਖਿਲਾਫ ਪਹਿਲਾਂ ਕੋਈ ਕੇਸ ਦਰਜ ਹੋਣ ਦੀ ਸੂਚਨਾ ਨਹੀਂ ਹੈ। ਪੁਲਿਸ ਵੱਲੋਂ ਦੂਜੇ ਸਮਗੱਲਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫੜੇ ਗਏ ਨੌਜਵਾਨਾਂ ‘ਚ ਪ੍ਰਵੀਨ ਰਾਜਪੂਤ ਤੇ ਸੁਮਿਤ ਖੱਤਰੀ ਸ਼ਾਮਲ ਹੈ। ਪ੍ਰਵੀਨ ਸੋਨੀਪਤ ਦੇ ਸਿੱਕਾ ਕਾਲੋਨੀ ਥਾਣੇ ਅਧੀਨ ਆਉਂਦੇ ਜਨਤਾ ਕਾਲੋਨੀ ਦਾ ਰਹਿਣ ਵਾਲਾ ਹੈ ਜਦੋਂ ਕਿ ਸੁਮਿਤ ਖਤਰੀ ਸੋਨੀਪਤ ਦੇ ਥਾਣਾ ਕੋਰਟ ਨੇੜੇ ਸ਼ਿਵ ਮੰਦਰ ਵਾਰਡ ਨੰਬਰ 7 ਦਾ ਰਹਿਣ ਵਾਲਾ ਹੈ। ਪੁੱਛਗਿਛ ‘ਚ ਦੋਵੇਂ ਨੌਜਵਾਨਾਂ ਨੇ ਦੱਸਿਆ ਕਿ ਹੈਰੋਇਨ ਦੀ ਡਲਿਵਰੀ ਕਰਨ ਬਦਲੇ ਇਨ੍ਹਾਂ ਨੂੰ ਪ੍ਰਤੀ ਚੱਕਰ 10,000 ਰੁਪਏ ਮਿਲਦੇ ਸਨ। ਸ਼ੁਰੂਆਤੀ ਪੁੱਛਗਿਛ ‘ਚ ਇਨ੍ਹਾਂ ਦਾ ਕਹਿਣਾ ਹੈ ਕਿ ਪੈਸੇ ਕਮਾਉਣ ਲਈ ਦੋਵੇਂ ਹੈਰੋਇਨ ਸਮਗਲਿੰਗ ਦੇ ਰਸਤੇ ‘ਤੇ ਤੁਰ ਪਏ।