Spa Center Director : ਅੰਮ੍ਰਿਤਸਰ ‘ਚ ਬੀਤੇ ਦਿਨ 100 ਫੁੱਟੀ ਰੋਡ ‘ਤੇ ਸਥਿਤ ਗੈਸਟ ਹਾਊਸ ਦੇ ਕਮਰੇ ‘ਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਉਹ ਸ਼ਹਿਰ ‘ਚ ਸਪਾ ਸੈਂਟਰ ਚਲਾ ਰਿਹਾ ਸੀ। ਉਸਦਾ ਸਾਰਾ ਸਰੀਰ ਨੀਲਾ ਪਿਆ ਹੋਇਆ ਸੀ ਤੇ ਮੂੰਹ ‘ਚੋਂ ਝੱਗ ਨਿਕਲ ਰਹੀ ਸੀ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ ਤੇ ਰਿਪੋਰਟ ਆਉਣੀ ਬਾਕੀ ਹੈ। ਪਤਾ ਲੱਗਾ ਹੈ ਕਿ ਪੁਲਿਸ ਨੇ ਗੈਸਟ ਹਾਊਸ ਤੋਂ ਦੋ ਰਸ਼ੀਅਨ ਕੁੜੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਵਿਦੇਸ਼ੀ ਲੜਕੀਆਂ ਪ੍ਰਿੰਸਜੋਤ ਸਿੰਘ ਦੇ ਸਪਾ ਸੈਂਟਰ ‘ਚ ਕੰਮ ਕਰਦੀਆਂ ਸਨ ਜਾਂ ਨਹੀਂ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਉਸਦੀ ਆਪਣੇ ਪਿਤਾ ਤੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਬੋਲਚਾਲ ਬੰਦ ਸੀ ਤੇ ਪਿਛਲੇ ਦੋ ਦਿਨਾਂ ਤੋਂ ਉਹ ਇਥੇ ਕਮਰਾ ਲੈ ਕੇ ਸ਼ਰਾਬ ਪੀ ਰਿਹਾ ਸੀ।
ਮ੍ਰਿਤਕ ਦੀ ਪਛਾਣ ਨਿਊ ਆਜ਼ਾਦ ਨਗਰ ਨਿਵਾਸੀ ਪ੍ਰਿੰਸਜੋਤ ਲੂਥਰਾ ਵਜੋਂ ਹੋਈ ਹੈ। ਸੋਮਵਾਰ ਰਾਤ ਉੁਹ ਆਪਣੇ ਤਿੰਨ ਦੋਸਤਾਂ ਤੇ ਇੱਕ ਔਰਤ ਨਾਲ ਹੋਟਲ ‘ਚ ਸ਼ਰਾਬ ਪੀ ਰਿਹਾ ਸੀ ਕਿ ਅਚਾਨਕ ਉਸ ਦੀ ਤਬੀਅਤ ਖਰਾਬ ਹੋ ਗਈ ਤੇ ਉਸ ਦੀ ਮੌਤ ਹੋ ਗਈ। ਮਹਿਲਾ ਸਮੇਤ ਚਾਰੋਂ ਲੋਕ ਉਥੋਂ ਭੱਜ ਗਏ। ਮੰਗਲਵਾਰ ਦੁਪਹਿਰ ਹੋਟਲ ਪ੍ਰਬੰਧਨ ਨੂੰ ਕਮਰੇ ‘ਚ ਪ੍ਰਿੰਸਜੋਤ ਦੀ ਲਾਸ਼ ਮਿਲੀ। ਪਿਤਾ ਪ੍ਰਿਤਪਾਲ ਨੇ ਦੱਸਿਆ ਕਿ ਉਸ ਦਾ ਮੁੰਡਾ ਗੁਰਸਿੱਖ ਸੀ ਚਾਰ ਸਾਲ ਪਹਿਲਾਂ ਬੁਰੀ ਸੰਗਤ ਨੇ ਉਸ ਨੂੰ ਵਿਗਾੜ ਦਿੱਤਾ। ਉਸ ਨੇ ਆਪਣੇ ਵਾਲ ਕਟਵਾ ਲਏ ਤੇ ਸ਼ਰਾਬ ਤੇ ਮਾਂਸ ਦਾ ਸੇਵਨ ਕਰਨ ਲੱਗਾ। ਦੋਸਤਾਂ ਦੇ ਕਹਿਣ ‘ਤੇ ਉਸ ਨੇ ਆਪਣੀ ਸਾਰੀ ਜਮ੍ਹਾ ਪੂੰਜੀ ਸਪਾ ਸੈਂਟਰ ‘ਤੇ ਲਗਾ ਦਿੱਤੀ। ਪਰਿਵਾਰਕ ਮੈਂਬਰ ਉਸ ਦੇ ਕੰਮ ਤੋਂ ਖੁਸ਼ ਨਹੀਂ ਸਨ। ਪਤਨੀ ਜਤਿੰਦਰ ਕੌਰ ਪ੍ਰਿੰਸਜੋਤ ਨੂੰ ਸਮਝਾਉਂਦੀ ਰਹੀ ਪਰ ਦੋਸਤਾਂ ਨੇ ਉਸ ਨੂੰ ਸੁਧਰਨ ਨਹੀਂ ਦਿੱਤਾ।
ਪਿਤਾ ਨੇ ਦੱਸਿਆ ਕਿ ਉਸ ਨੂੰ ਬੇਦਖਲ ਵੀ ਕਰ ਦਿੱਤਾ ਗਿਆ ਸੀ। ਏ. ਡੀ. ਸੀ. ਪੀ. ਹਰਪਾਲ ਸਿੰਘ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਇਸ ਮਾਮਲੇ ‘ਚ ਪੁਲਿਸ ਨੇ ਦੋ ਵਿਦੇਸ਼ੀ ਕੁੜੀਆਂ ਨੂੰ ਵੀ ਹਿਰਾਸਤ ‘ਚ ਲਿਆ ਹੈ। ਜੋ ਵੀ ਦੋਸ਼ੀ ਹੋਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪੁਲਿਸ ਪ੍ਰਸ਼ਾਸਨ ਵੱਲੋਂ ਹਦਾਇਤਾਂ ਹਨ ਕਿ ਕੋਈ ਵੀ ਸਥਾਨਕ ਵਿਅਕਤੀ ਹੋਟਲ ‘ਚ ਕਮਰਾ ਨਹੀਂ ਲੈ ਸਕਦਾ। ਅਜਿਹੇ ‘ਚ ਗੈਸਟ ਹਾਊਸ ਦੇ ਮਾਲਕ ‘ਤੇ ਵੀ ਕਾਰਵਾਈ ਹੋ ਸਕਦੀ ਹੈ।