Case of improper : ਜਿਲ੍ਹਾ ਬਠਿੰਡਾ ਦੇ ਬਲੱਡ ਬੈਂਕ ਵੱਲੋਂ 7 ਸਾਲਾ ਬੱਚੀ ਨੂੰ ਗਲਤ ਖੂਨ ਚੜ੍ਹਾਇਆ ਗਿਆ ਸੀ ਜਿਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਸਨ ਤੇ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੇ ਲਾਪ੍ਰਵਾਹੀ ਲਈ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਹੁਕਮਾਂ ਮੁਤਾਬਕ ਬਲਦੇਵ ਸਿੰਘ ਰੋਮਾਣਾ ਜੋ ਬਲੱਡ ਬੈਂਕ ਵਿਖੇ ਇੱਕ ਮੈਡੀਕਲ ਲੈਬ ਟੈਕਨੀਸ਼ੀਅਨ ਗਰੇਡ -1 ਵਜੋਂ ਕੰਮ ਕਰ ਰਹੇ ਹਨ, NHM ਪੰਜਾਬ ਅਧੀਨ ਬੀ.ਟੀ.ਓ ਡਾ ਕ੍ਰਿਸ਼ਨ ਗੋਇਲ, ਸਿਵਲ ਹਸਮਤਾਲ ਵਿਖੇ ਕੰਮ ਕਰ ਰਹੇ ਪੀ.ਐਚ.ਐਸ.ਸੀ. ਅਧੀਨ ਐਮ.ਐਲ.ਟੀ. ਰਿਚਾ ਗੋਇਲ ਨੂੰ ਮੁਅੱਤਲ ਕੀਤਾ ਗਿਆ ਹੈ। ਨਾਲ ਹੀ ਸਿਵਲ ਸਰਜਨ ਬਠਿੰਡਾ ਨੇ ਐਸਐਸਪੀ, ਬਠਿੰਡਾ ਨੂੰ ਚਿੱਠੀ ਲਿਖ ਕੇ ਮੁਲਾਜ਼ਮ ਖ਼ਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਘਟਨਾ ਤੋਂ ਬਾਅਦ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ ਸੀ ਅਤੇ ਤੁਰੰਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ ਅਤੇ ਇਸ ਲਈ ਇੱਕ ਕਮੇਟੀ ਗਠਿਤ ਕਰਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਦੇ ਨਿਰਦੇਸ਼ਾਂ `ਤੇ ਸਿਹਤ ਵਿਭਾਗ ਵੱਲੋਂ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ ਆਪਣੀ ਰਿਪੋਰਟ ਵਿਚ ਕਰਮਚਾਰੀ ਨੂੰ ਅਣਗਹਿਲੀ ਕਰਨ ਦਾ ਜ਼ਿੰਮੇਵਾਰ ਠਹਿਰਾਇਆ। ਇਥੇ ਇਹ ਦੱਸਣਯੋਗ ਹੈ ਕਿ ਬਠਿੰਡਾ ਦੇ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਇੱਕ 7 ਸਾਲਾ ਥੈਲੇਸੀਮੀਆ ਮਰੀਜ਼ ਨੂੰ ਐਚਆਈਵੀ ਪਾਜ਼ੇਟਿਵ ਮਰੀਜ਼ ਦਾ ਖੂਨ ਚੜ੍ਹਾਇਆ ਗਿਆ ਸੀ। ਹਸਪਤਾਲ ਦੇ ਬਲੱਡ ਬੈਂਕ ਨੇ ਇੱਕ ਦਾਨੀ ਕੋਲੋਂ ਖੂਨ ਲੈਣ ਤੋਂ ਬਾਅਦ ਯੂਨਿਟ ਜਾਰੀ ਕੀਤੇ ਸਨ ਅਤੇ ਬਣਦੀ ਜਾਂਚ ਨਹੀਂ ਕੀਤੀ ਜਿਸ ਕਾਰਨ ਇਹ ਲਾਪ੍ਰਵਾਹੀ ਸਾਹਮਣੇ ਆਈ।