Bicycle rally from : ਮੋਗਾ : ਇਨ੍ਹੀਂ ਦਿਨੀਂ ਕਿਸਾਨਾਂ ਨੂੰ ਵਾਤਾਵਰਣ ਬਚਾਉਣ ਅਤੇ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਲਈ ਵੱਖ-ਵੱਖ ਤਰੀਕੇ ਪੰਜਾਬ ਸਰਕਾਰ ਵੱਲੋਂ ਕੱਢੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪਰਾਲੀ ਸਾੜਨ ਦੇ ਕਿੰਨੇ ਨੁਕਸਾਨ ਹਨ। ਇਸੇ ਅਧੀਨ ਮੋਗਾ ਤੋਂ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਉਹ ਪਰਾਲੀ ਨੂੰ ਨਾ ਸਾੜਨ। ਇਸ ਰੈਲੀ ‘ਚ ਪਰਾਲੀ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ ਤੇ ਦੱਸਿਆ ਜਾਵੇਗਾ ਕਿ ਪਰਾਲੀ ਸਾੜਨ ਨਾਲ ਕਈ ਗੰਭੀਰ ਬੀਮਾਰੀਆਂ ਹੋਣ ਦਾ ਡਰ ਹੁੰਦਾ ਹੈ।
ਮੌਜੂਦਾ ਸਮੇਂ ‘ਚ ਪੂਰਾ ਦੇਸ਼ ਕੋਰੋਨਾ ਵਰਗੀ ਮਹਾਮਾਰੀ ਨਾਲ ਜੂਝ ਰਿਹਾ ਹੈ। ਅਜਿਹੇ ਸਮੇਂ ‘ਚ ਹਰੇਕ ਦਾ ਫਰਜ਼ ਬਣਦਾ ਹੈ ਕਿ ਅਸੀਂ ਮਨੁੱਖੀ ਜਾਨ ਨੂੰ ਬਚਾਉਣ ਲਈ ਹਰ ਯਤਨ ਕਰੀਏ। ਪਰਾਲੀ ਸਾੜਨ ਨਾਲ ਇੱਕ ਤਾਂ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਤੇ ਕੋਰੋਨਾ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਲਈ ਕੈਪਟਨ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਵੱਲੋਂ ਇਸ ਵਾਰ ਪਰਾਲੀ ਨਾ ਸਾੜੀ ਜਾਵੇ ਤੇ ਇਸ ਦੀ ਸੁਚੱਜੀ ਵਰਤੋਂ ਕਰਕੇ ਪਰਾਲੀ ਸਾੜਨ ਦੇ ਗਲਤ ਪ੍ਰਭਾਵਾਂ ਤੋਂ ਆਪਣੇ ਆਪ ਨੂੰ ਬਚਾਇਆ ਜਾ ਸਕੇ।
ਇਸ ਰੈਲੀ ‘ਚ ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਮੋਗਾ ਦੇ SSP ਹਰਮਨਵੀਰ ਸਿੰਘ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਏ। ਇਹ ਰੈਲੀ 12 ਤੋਂ ਲੈ ਕੇ 15 ਕਿਲੋਮੀਟਰ ਤੱਕ ਆਉਣ ਵਾਲੇ ਪਿੰਡਾਂ ‘ਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰੇਗੀ ਤਾਂ ਕਿ ਕਿਸਾਨ ਆਉਣ ਵਾਲੇ ਦਿਨਾਂ ‘ਚ ਪਰਾਲੀ ਨੂੰ ਨਾ ਸਾੜਨ। ਮੋਗਾ ਦੇ SSP ਹਰਮਨ ਵੀਰ ਦਾ ਕਹਿਣਾ ਹੈ ਕਿ ਮੋਗਾ ‘ਚ ਬਹੁਤ ਹੀ ਘੱਟ ਕਿਸਾਨ ਹਨ ਜੋ ਪਰਾਲੀ ਨੂੰ ਸਾੜਦੇ ਹਨ ਤੇ ਜਿਹੜੇ ਥੋੜ੍ਹੇ ਬਹੁਤ ਹਨ ਉਨ੍ਹਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਇਸ ਦਾ ਇਸਤੇਮਾਲ ਕਰਨ ਤੇ ਵਾਤਾਵਰਣ ਨੂੰ ਬਚਾਉਣ।