Manpreet Badal expresses : ਮੁਕਤਸਰ : ਖੇਤੀ ਕਾਨੂੰਨਾਂ ਖਿਲਾਫ ਪੰਜਾਬ ‘ਚ ਕਿਸਾਨ ਸੜਕਾਂ ‘ਤੇ ਰੇਲ ਟਰੈਕਾਂ ‘ਤੇ ਹਨ। ਇਸ ਨਾਲ ਹਾਲਾਤ ਗੰਭੀਰ ਹੋ ਗਏ ਹਨ। ਕੋਲੇ ਦੀ ਪੂਰਤੀ ਨਾ ਹੋਣ ਕਾਰਨ ਥਰਮਲ ਪਲਾਂਟ ‘ਚ ਬਿਜਲੀ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਸਰਹੱਦ ‘ਤੇ ਤਾਇਨਾਤ ਜਵਾਨਾਂ ਨੂੰ ਰਸਦ ਪਹੁੰਚਾਉਣ ‘ਚ ਵੀ ਮੁਸ਼ਕਲ ਆ ਰਹੀ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਰੇਲਵੇ ਲਾਈਨਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਲੱਦਾਖ ਬਾਰਡਰ ‘ਤੇ ਸੈਨਿਕਾਂ ਕੋਲ ਰਸਦ ਖਤਮ ਹੋ ਚੁੱਕਾ ਹੈ। ਗੋਲਾ ਬਾਰੂਦ, ਪੈਟੋਰਲ ਖਤਮ ਹੋ ਚੁੱਕਾ ਹੈ।
ਬਾਦਲ ਨੇ ਕਿਹਾ ਕਿ 20 ਅਕਤੂਬਰ ਤੋਂ ਲੱਦਾਖ ‘ਚ ਬਰਫ ਡਿੱਗਣੀ ਸ਼ੁਰੂ ਹੋ ਜਾਵੇਗੀ। ਇਸ ਤੋਂ ਬਾਅਦ 6 ਮਹੀਨੇ ਤੱਕ ਉਥੇ ਕੁਝ ਵੀ ਨਹੀਂ ਪਹੁੰਚ ਸਕਦਾ। ਉਨ੍ਹਾਂ ਕਿਹਾ ਕਿ ਥਰਮਲ ਪਲਾਟਾਂ ‘ਚ ਸਿਰਫ 2 ਦਿਨ ਦਾ ਕੋਲਾ ਬਚਿਆ ਹੈ। 2 ਦਿਨ ਤੋਂ ਬਾਅਦ ਸੂਬੇ ‘ਚ ਬੱਤੀ ਵੀ ਗੁਲ ਹੋ ਸਕਦੀ ਹੈ। ਇਸੇ ਤਰ੍ਹਾਂ ਖਾਦ ਦਾ ਸਟਾਕ ਖਤਮ ਹੋ ਚੁੱਕਾ ਹੈ। ਫਸਲਾਂ ਦੀ ਬੀਜਾਈ ਵੀ ਮੁਸ਼ਕਲ ਹੋ ਜਾਵੇਗੀ। ਕਿਸਾਨ ਅੰਦੋਲਨ ਕਾਰਨ ਸੂਬੇ ‘ਚ ਹਾਲਾਤ ਚਿੰਤਾਜਨਕ ਹੋ ਗਏ ਹਨ। ਕਿਸਾਨ ਪਿਛਲੇ 17 ਦਿਨਾਂ ਤੋਂ ਰੇਲਵੇ ਟਰੈਕ ‘ਤੇ ਧਰਨਾ ਦੇ ਰਹੇ ਹਨ, ਜਿਸ ਦਾ ਅਸਰ ਹੁਣ ਥਰਮਲ ਪਲਾਂਟਾਂ ‘ਤੇ ਪਿਆ ਹੈ। ਮਾਲਗੱਡੀਆਂ ਦੀ ਆਵਾਜਾਈ ਬੰਦ ਹੈ। ਸਾਮਾਨ ਇਧਰ ਤੋਂ ਉਧਰ ਨਹੀਂ ਜਾ ਰਿਹਾ।
ਅੱਜ ਨਵੇਂ ਸਿਰੇ ਤੋਂ ਵਿਚਾਰ ਕਰਨ ਲਈ 13 ਕਿਸਾਨ ਸੰਗਠਨਾਂ ਦੀ ਬਰਨਾਲਾ ਵਿਖੇ ਮੀਟਿੰਗ ਹੋਵੇਗੀ। ਇਹ ਬੈਠਕ ਲਗਾਤਾਰ ਦੋ ਦਿਨ ਚੱਲੇਗੀ। ਇਸ ‘ਚ ਝੋਨੇ ਦੀ ਕਟਾਈ ਅਤੇ ਕਣਕ ਦੀ ਬੁਆਈ ਨੂੰ ਮੁੱਖ ਰੱਖਦੇ ਹੋਏ ਨਵੇਂ ਸਿਰੇ ਤੋਂ ਰਣਨੀਤੀ ਤਿਆਰ ਕੀਤੀ ਜਾਵੇਗੀ। ਇਹੀ ਨਹੀਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਇਸ ਅੰਦੋਲਨ ਕਾਰਨ ਖੁਦ ਉਨ੍ਹਾਂ ਨੂੰ ਹੀ ਨੁਕਸਾਨ ਹੋਣ ਲੱਗਾ ਹੈ। ਕਿਸਾਨਾਂ ਦੀ ਦੋ ਦਿਨ ਤੱਕ ਚੱਲਣ ਵਾਲੀ ਮੀਟਿੰਗ ‘ਚ ਬਹੁਤ ਸਾਰੀਆਂ ਗੱਲਾਂ ਤੈਅ ਹੋਣੀਆਂ ਨਿਸ਼ਚਿਤ ਹਨ।