Rajnath Singh inaugurated : ਗੁਰਦਾਸਪੁਰ : ਦੇਸ਼ ਦੇ ਰੱਖਿਆ ਮੰਤਰੀ ਰਾਜ ਨਾਥ ਸਿੰਘ ਵੱਲੋਂ ਸੋਮਵਾਰ ਨੂੰ ਦੇਸ਼ ਭਰ ਵਿਖੇ ਕੁੱਲ 44 ਮਹੱਤਵਪੂਰਨ ਪੁਲਾਂ ਦਾ ਉਦਘਾਟਨ ਕੀਤਾ ਗਿਆ। ਜਿਨ੍ਹਾਂ ਵਿੱਚ 3 ਪੁਲ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਹਨ ਤੇ ਇੱਕ ਪੁਲ ਫਾਜ਼ਿਲਕਾ ਦਾ ਸ਼ਾਮਲ ਹੈ। ਗੁਰਦਾਸਪੁਰ ਦਾ ਕੱਸੋਵਾਲ ਪੁਲ ਵੀ ਸ਼ਾਮਿਲ ਹੈ। ਹਾਲਾਂਕਿ ਰਾਜਨਾਥ ਸਿੰਘ ਵੱਲੋਂ ਇਨ੍ਹਾਂ ਸਾਰੇ ਪੁਲਾਂ ਦਾ ਉਦਘਾਟਨ ਆਨਲਾਈਨ ਰਿਮੋਟ ਰਾਹੀਂ ਆਨਲਾਈਨ ਹੀ ਕੀਤਾ ਗਿਆ। ਇਸ ਦੇ ਨਾਲ ਹੀ ਇਨ੍ਹਾਂ 44 ਪੁਲਾਂ ਵਿਚੋਂ ਗੁਰਦਾਸਪੁਰ ਦਾ ਪੁਲ ਸਭ ਤੋਂ ਵੱਡਾ ਪੁਲ ਹੋਣ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ ਪੱਖੋਂ ਵੀ ਕਾਫ਼ੀ ਅਹਿਮ ਦੱਸਿਆ ਜਾ ਰਿਹਾ ਹੈ ਅਤੇ ਇਸ 484 ਮੀਟਰ ਲੰਮੇ ਪੁਲ ਦੇ ਬਣਨ ਨਾਲ ਨਾਂ ਸਿਰਫ਼ ਦੇਸ਼ ਦੀ ਸੈਨਾ ਸਗੋਂ ਕਿਸਾਨਾਂ ਦੀ ਲਗਭਗ 4 ਹਜ਼ਾਰ ਏਕੜ ਵਾਹੀਯੋਗ ਜ਼ਮੀਨ ਵੀ ਸਿੱਧੇ ਰੂਪ ਵਿੱਚ ਦੇਸ਼ ਨਾਲ ਜੁੜ ਜਾਵੇਗੀ। ਕਿਉਂਕਿ ਅਜ਼ਾਦੀ ਦੇ ਬਾਅਦ ਤੋਂ ਹੀ ਇਸ ਪੁਲ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਅਖੀਰ ਕਿਸਾਨਾਂ ਅਤੇ ਭਾਰਤੀ ਸੈਨਾ ਦੀ ਮੰਗ ਪੂਰੀ ਹੋ ਚੁੱਕੀ ਹੈ। ਇਸ ਪੁਲ ਦੀ ਅਹਿਮੀਅਤ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕੀ ਬੀਤੇ ਸਮੇਂ ਦੌਰਾਨ ਸਾਲ 1962 ਅਤੇ 1971 ਦੌਰਾਨ ਹੋਈ ਜੰਗ ਵੀ ਇਸੇ ਜਗ੍ਹਾ ਤੇ ਲੜੀ ਗਈ ਸੀ।
ਗੁਰਦਾਸਪੁਰ ਵਾਲੇ ਪੁਲ ਦੇ ਉਦਘਾਟਨ ਸਮੇਂ ਭਾਰਤੀ ਫ਼ੌਜ ਦੇ ਵੱਖ-ਵੱਖ ਨੁਮਾਇੰਦੇ ਅਤੇ ਜ਼ਿਲ੍ਹੇ ਦੇ ਏ.ਡੀ.ਸੀ ਤਜਿੰਦਰਪਾਲ ਸਿੰਘ ਵੀ ਆਪਣੇ ਹੋਰ ਸਹਿਯੋਗੀਆਂ ਸਮੇਤ ਕੱਸੋਵਾਲ ਪੁਲ ਵਿਖੇ ਮੌਜੂਦ ਰਹੇ। ਇਸ ਮੌਕੇ ਗੱਲਬਾਤ ਕਰਦਿਆਂ (ਬੀ.ਆਰ.ਓ) ਬਾਰਡਰ ਰੋਡ ਆਰਗਨਾਈਜ਼ੇਸ਼ਨ ਦੇ ਨੁਮਾਇੰਦੇ ਅਮਿਤ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਅੱਜ ਦੇਸ਼ ਭਰ ਵਿਖੇ ਵੱਖ ਵੱਖ ਥਾਵਾਂ ਤੇ ਕੁੱਲ 44 ਮਹੱਤਵਪੂਰਨ ਪੁਲਾਂ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਵਿੱਚ ਗੁਰਦਾਸਪੁਰ ਦੇ ਕੱਸੋਵਾਲ ਵਾਲ ਦਾ ਪੁਲ ਜਿੱਥੇ ਸੁਰੱਖਿਆ ਦੇ ਹਿਸਾਬ ਨਾਲ ਬਹੁਤ ਮਹੱਤਵਪੂਰਨ ਹੈ। ਉੱਥੇ ਹੀ ਇਹ ਪੁਲ 484 ਮੀਟਰ ਲੰਮਾ ਹੋਣ ਕਾਰਨ ਬਾਕੀ 43 ਪੁਲਾਂ ਨਾਲੋਂ ਸਭ ਤੋਂ ਲੰਮਾ ਵੀ ਹੈ।
ਆਮ ਸਥਾਨਕ ਲੋਕ ਪੁਲ ਬਣਨ ਤੋਂ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਾਲ 1947 ਤੋਂ ਹੀ ਸਥਾਨਕ ਲੋਕਾਂ ਦੀ ਇੱਕੋ ਇੱਕ ਮੰਗ ਸੀ ਕਿ ਇਸ ਜਗ੍ਹਾ ਤੇ ਇੱਕ ਸਥਾਈ ਪੁਲ ਬਣਾਇਆ ਜਾਵੇ। ਪਰ 72 ਸਾਲਾਂ ਤੋਂ ਵੱਧ ਸਮੇਂ ਦੌਰਾਨ ਦੇਸ਼ ਅਤੇ ਸੂਬੇ ਵਿਖੇ ਅਨੇਕਾਂ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ। ਹਰੇਕ ਸਰਕਾਰ ਨੇ ਸਥਾਨਕ ਲੋਕਾਂ ਨੂੰ ਪੁਲ ਬਣਾ ਕੇ ਦੇਣ ਦਾ ਵਾਅਦਾ ਤਾਂ ਜ਼ਰੂਰ ਕੀਤਾ ਪਰ ਸੱਤਾ ਪ੍ਰਾਪਤੀ ਤੋਂ ਬਾਅਦ ਹਰੇਕ ਸਰਕਾਰ ਨੇ ਇਸ ਥਾਂ ਤੇ ਪੈਨਟੂਨ ਪੁਲ ਰੱਖ ਕੇ ਖਾਨਾ ਪੂਰਤੀ ਹੀ ਕੀਤੀ। ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਤੋਂ ਪਾਰ ਕਿਸਾਨਾਂ ਦੀ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਹੈ ਅਤੇ ਪੱਕਾ ਪੁਲ ਨਾ ਹੋਣ ਕਾਰਨ ਉਸ ਫ਼ਸਲ ਦੀ ਦੇਖਭਾਲ ਲਈ ਦਰਿਆ ਪਾਰ ਜਾਣਾ ਕਾਫ਼ੀ ਮੁਸ਼ਕਿਲ ਸੀ ਪੁਲ ਬਣਨ ਲਈ ਲੋਕਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਵੀ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ।