Farmers’ organizations announced : ਭਾਵੇਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਵੱਲੋਂ ਗੱਲਬਾਤ ਕਰਨ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਗਿਆ ਹੈ ਪਰ ਚੰਡੀਗੜ੍ਹ ਵਿਕੇ ਹੋਈ ਮੀਟਿੰਗ ‘ਚ ਕਿਸਾਨ ਆਗੂ ਸ. ਬਲਬੀਰ ਸਿੰਘ ਰਾਜੇਵਾਲ 5 ਨਵੰਬਰ ਨੂੰ ਦੇਸ਼ ਭਰ ‘ਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਮੰਗ ਅਨੁਸਾਰ ਅਤੇ ਆਪਣੇ ਵਾਅਦੇ ਅਨੁਸਾਰ ਵਿਧਾਨ ਸਭਾ ਸੈਸ਼ਨ ਸੱਦ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਸੰਬੰਧੀ ਕਾਨੂੰਨ ਪਾਸ ਨਾ ਕੀਤਾ ਤਾਂ ਕਿਸਾਨ ਕਾਂਗਰਸ ਨਾਲ ਵੀ ਉਹੀ ਵਿਹਾਰ ਕਰਨਗੇ ਜੋ ਇਸ ਵੇਲੇ ਭਾਜਪਾ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਕਿਸਾਨ ਜਥੇਬੰਦੀਆਂ ਦੀ 7 ਮੈਂਬਰੀ ਕਮੇਟੀ ਦਿੱਲੀ ਵਿਖੇ ਗੱਲਬਾਤ ਕਰਨ ਲਈ ਜਾਵੇਗੀ ਤੇ ਇਸ ਕਮੇਟੀ ‘ਚ ਬਲਬੀਰ ਸਿੰਘ ਰਾਜੇਵਾਲ ਤੋਂ ਇਲਾਵਾ ਡਾ:ਦਰਸ਼ਨ ਪਾਲ ਸਿੰਘ, ਸ: ਮਨਜੀਤ ਸਿੰਘ, ਸ: ਜਗਜੀਤ ਸਿੰਘ, ਸ: ਜਗਮੋਹਨ ਸਿੰਘ, ਸ: ਕੁਲਵੰਤ ਸਿੰਘ ਅਤੇ ਸ: ਸਤਨਾਮ ਸਿੰਘ ਸਾਹਨੀ ਸ਼ਾਮਿਲ ਹੋਣਗੇ।
ਚੰਡੀਗੜ੍ਹ ‘ਚ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਹੋਰ ਵੀ ਕਈ ਮੁੱਦਿਆਂ ਨੂੰ ਚੁੱਕਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਸੰਘਰਸ਼ ਤੋਂ ਹਟਾਉਣ ਲਈ ਕੋਲੇ ਦੀ ਘਾਟ ਦਾ ਰੌਲਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿ ਰਾਜ ਕੋਲ ਕੋਲਾ ਵੀ ਹੈ ਤੇ ਖ਼ਾਦ ਵੀ। ਜਦ ਕੋਰੋਨਾ ਸਮੇਂ ਸਾਰੀਆਂ ਗੱਡੀਆਂ ਬੰਦ ਸਨ ਉਸ ਸਮੇਂ ਬਿਜਲੀ ਕਿਵੇਂ ਪੂਰੀ ਹੁੰਦੀ ਸੀ?ਉਨ੍ਹਾਂ ਕਿਹਾ ਕਿ ਪੰਜਾਬ ‘ਚ ਬਿਜਲੀ ਸੰਕਟ ਪੈਦਾ ਹੀ ਨਹੀਂ ਹੋ ਸਦਾ ਕਿਉਂਕਿ ਪੰਜਾਬ ਨੈਸ਼ਨਲ ਗਰਿੱਡ ਦਾ ਹਿੱਸਾ ਹੈ ਤੇ ਜੇਕਰ ਸੂਬੇ ਦੇ ਸਾਰੇ ਪਲਾਂਟ ਬੰਦ ਹੋ ਜਾਣ ਤਾਂ ਪੰਜਾਬ ਨੂੰ ਨੈਸ਼ਨਲ ਗਰਿੱਡ ਤੋਂ ਬਿਜਲੀ ਮਿਲ ਸਕਦੀ ਹੈ।
ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹੋਏ ਹਮਲੇ ਬਾਰੇ ਬੋਲਦਿਆਂ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ‘ਤੇ ਗਲਤ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਾਨੂੰ ਪਤਾ ਹੈ ਕਿ ਸਾਡੇ ਵਰਕਰ ਸ਼ਾਂਤਮਈ ਹਨ। ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਅਜੇ ਤੱਕ ਕੋਈ ਵੀ ਹਿੰਸਾ ਨਹੀਂ ਕੀਤੀ ਗਈ। ਅਖੀਰ ‘ਚ ਰਾਜੇਵਾਲ ਨੇ ਕਿਹਾ ਕਿ ਜੇਕਰ ਕੱਲ੍ਹ ਦਿੱਲੀ ਜਾ ਕੇ ਵੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਕਿਸਾਨਾਂ ਦਾ ਰੇਲ ਰੋਕ ਅੰਦੋਲਨ 15 ਅਕਤੂਬਰ ਤਕ ਜਾਰੀ ਰੱਖਣ ਦੀ ਗੱਲ ਕਰਦਿਆਂ ਸ: ਰਾਜੇਵਾਲ ਨੇ ਕਿਹਾ ਕਿ ਇਸ ਬਾਰੇ ਫ਼ੈਸਲਾ ਜੱਥੇਬੰਦੀਆਂ ਦੀ 15 ਅਕਤੂਬਰ ਦੀ ਮੀਟਿੰਗ ਵਿੱਚ ਹੀ ਲਿਆ ਜਾਵੇਗਾ।