Farmers’ agitation affected : ਜਲੰਧਰ : ਖੇਤੀ ਸੁਧਾਰ ਕਾਨੂੰਨ ਖਿਲਾਫ ਪੰਜਾਬ ‘ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨਾਲ ਰੇਲਵੇ ਨੂੰ 80 ਕਰੋੜ ਦਾ ਨੁਕਸਾਨ ਹੋਇਆ ਹੈ। ਪਿਛਲੇ 19 ਦਿਨਾਂ ਤੋਂ ਟਰੈਕ ‘ਤੇ ਧਰਨਾ ਦੇ ਰਹੇ ਕਿਸਾਨਾਂ ਦਾ ਅੰਦੋਲਨ ਅੰਮ੍ਰਿਤਸਰ, ਗੁਰਦਾਸਪੁਰ ਸਮੇਤ ਕਈ ਜਿਲ੍ਹਿਆਂ ‘ਚ ਜਾਰੀ ਹੈ। ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਨੂੰਨ ਦੇ ਵਿਰੋਧ ‘ਚ ਸੂਬੇ ਦੇ ਕਈ ਜਿਲ੍ਹਿਆਂ ‘ਚ ਕਿਸਾਨ ਰੇਲ ਟਰੈਕ ‘ਤੇ ਧਰਨਾ ਦੇ ਰਹੇ ਹਨ। ਕਿਸਾਨਾਂ ਦੇ ਅੰਦੋਲਨ ਕਾਰਨ ਵੱਡੀ ਗਿਣਤੀ ‘ਚ ਯਾਤਰੀ ਤੇ 700 ਦੇ ਲਗਭਗ ਮਾਲਗੱਡੀਆਂ ਨੂੰ ਰੱਦ ਕਰਨਾ ਪਿਆ ਹੈ। ਇਸ ਨਾਲ ਰੇਲਵੇ ਨੂੰ 24 ਸਤੰਬਰ ਤੋਂ ਲੈ ਕੇ 11 ਅਕਤੂਬਰ ਤੱਕ ਲਗਭਗ 71 ਲੱਖ ਰੁਪਏ ਦਾ ਯਾਤਰੀਆਂ ਨੂੰ ਟਿਕਟ ਦਾ ਰਿਫੰਡ ਕਰਨਾ ਪਿਆ ਹੈ। ਇਹ ਰਿਫੰਡ ਫਿਰੋਜ਼ਪੁਰ ਮੰਡਲ ਵੱਲੋਂ ਕੀਤਾ ਗਿਆ ਹੈ।
ਡਵੀਜ਼ਨਲ ਕਮਰਸ਼ੀਅਲ ਮੈਨੇਜਰ ਚੇਤਨ ਤਨੇਜਾ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਅੰਦੋਲਨ ਇੰਝ ਹੀ ਚੱਲਦਾ ਰਿਹਾ ਤਾਂ ਪੰਜਾਬ ‘ਚ ਡੀਜ਼ਲ, ਪੈਟਰੋਲ, ਬਾਰਦਾਨਾ, ਯੂਰੀਆ ਤੇ ਸੀਮੈਂਟ ਦੀ ਸਪਲਾਈ ਬੰਦ ਹੋ ਜਾਵੇਗੀ ਤੇ ਇਸ ਨਾਲ ਕਈ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਧਣਗੀਆਂ। ਰੇਲਵੇ ਦੇ ਵਪਾਰ ਨੂੰ ਵੀ ਕਾਫੀ ਨੁਕਸਾਨ ਹੋਵੇਗਾ। ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਦੇ ਮੈਂਬਰਾਂ ਨੇ ਮੰਗਲਵਾਰ ਨੂੰ ਅੰਮ੍ਰਤਿਸਰ ਦੇ ਦੇਵੀਦਾਸਪੁਰਾ ਰੇਲਵ ਟਰੈਕ ‘ਤੇ ਟਰੈਕਟਰ ਖੜ੍ਹੇ ਕਰਕੇ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕੀਤਾ। ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਚੇਤਾਵਨੀ ਦਿੱਤੀ ਕਿ 23 ਅਕਤੂਬਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜੇ ਜਾਣਗੇ।
ਦੂਜੇ ਪਾਸੇ ਸੰਘਰਸ਼ਸ਼ੀਲ ਕਿਸਾਨ ਸੰਗਠਨਾਂ ਵੱਲੋਂ ਅੰਮ੍ਰਿਤਸਰ-ਜਲੰਧਰ ਰੇਲ ਟਰੈਕ ਬੁਚਾਰੀ ‘ਤੇ ਵੀ ਮੰਗਲਵਾਰ ਨੂੰ ਧਰਨਾ ਜਾਰੀ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉੁਗਰਾਹਾਂ ਨੇ ਸੁਨਾਮ ਰੇਲਵੇ ਸਟੇਸ਼ਨ ‘ਤੇ ਜਾਖਲ-ਲੁਧਿਆਣਾ ਰੇਲਵੇ ਟਰੈਕ ‘ਤੇ 12 ਦਿਨ ਤੋਂ ਚੱਲ ਰਹੇ ਧਰਨੇ ਨੂੰ ਮੰਗਲਵਾਰ ਖਤਮ ਕਰ ਦਿੱਤਾ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਹ ਆਪਣਾ ਸੰਘਰਸ਼ ਖਤਮ ਨਹੀਂ ਕਰ ਰਹੇ ਹਨ ਸਗੋਂ ਹੁਣ ਰੇਲ ਟਰੈਕ ਨਹੀਂ ਭਾਜਪਾ ਦੇ ਨੇਤਾਵਾਂ ਦੇ ਘਰਾਂ ਦੇ ਬਾਹਰ ਪੱਕਾ ਮੋਰਚਾ ਲਗਾਉਣਗੇ। ਪੈਟਰੋਲ ਪੰਪ, ਮੌਲ, ਟੋਲ ਪਲਾਜਾ ਆਦਿ ‘ਤੇ ਧਰਨੇ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹਿਣਗੇ। 25 ਅਕਤੂਬਰ ਨੂੰ ਦੁਸਹਿਰੇ ‘ਤੇ ਮੋਦੀ ਤੇ ਸਾਰੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜੇ ਜਾਣਗੇ।