Cabinet gives green : ਸੂਬੇ ਵਿੱਚ ਵੱਡੇ ਦਰਿਆਵਾਂ ਦੀ ਨਿਰੰਤਰ ਸਾਫ-ਸਫਾਈ (ਡੀਸਿਲਟਿੰਗ) ਅਤੇ ਹੜ੍ਹਾਂ ਦੀ ਮਾਰ ਘਟਾਉਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਦਰਿਆਵਾਂ ਦੀ ਸਫਾਈ ਦੇ ਕੰਮ ਨੂੰ ਮਾਈਨਿੰਗ ਬਲਾਕ ਅਲਾਟ ਕਰਨ ਲਈ ਕੀਤੇ ਗਏ ਇਕਰਾਰਨਾਮਿਆਂ ਦਾ ਹਿੱਸਾ ਬਣਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਇਕਰਾਰਨਾਮਿਆਂ ਵਿੱਚ ਲੋੜੀਂਦੀਆਂ ਸੋਧਾਂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਵੱਡੇ ਦਰਿਆਵਾਂ, ਜਿਨ੍ਹਾਂ ਵਿੱਚੋਂ ਸੋਧੇ ਹੋਏ ਇਕਰਾਰਨਾਮੇ ਦੇ ਹਿੱਸੇ ਵਜੋਂ ਰੇਤਾ ਕੱਢੀ ਜਾਣੀ ਹੈ, ਵਿੱਚ ਸਤਲੁਜ, ਬਿਆਸ ਅਤੇ ਰਾਵੀ ਤੋਂ ਇਲਾਵਾ ਮੌਸਮੀ ਨਦੀਆਂ ਘੱਗਰ ਤੇ ਚੱਕੀ ਸ਼ਾਮਲ ਹਨ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਮੁਤਾਬਕ ਇਸ ਸਫਾਈ ਨਾਲ ਦਰਿਆਵਾਂ ਦੀ ਪਾਣੀ ਲਿਜਾਣ ਦੀ ਸਮਰੱਥਾ ਵਧੇਗੀ ਅਤੇ ਬਿਨਾਂ ਕਿਸੇ ਵਾਤਾਵਰਣ ਪ੍ਰਭਾਵ ਤੋਂ ਵਾਜਬ ਭਾਅ ’ਤੇ ਰੇਤਾ ਤੇ ਬੱਜਰੀ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਮੰਤਰੀ ਮੰਡਲ ਨੇ ਅੱਜ ਜਲ ਸਰੋਤ ਵਿਭਾਗ ਦੇ ਜਲ ਨਿਕਾਸ ਵਿੰਗ ਨੂੰ 7 ਬਲਾਕਾਂ ਵਿੱਚ 78 ਥਾਵਾਂ ਨੂੰ ਮਾਈਨਿੰਗ ਦੇ ਠੇਕੇਦਾਰਾਂ ਨੂੰ ਅਲਾਟ ਕਰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਬਲਾਕ ਵਿੱਚ ਰੋਪੜ ਜ਼ਿਲਾ ਸ਼ਾਮਲ ਹੈ ਜਦਕਿ ਬਲਾਕ-2 ਵਿੱਚ ਐਸ.ਬੀ.ਐਸ. ਨਗਰ (ਨਵਾਂਸ਼ਹਿਰ), ਜਲੰਧਰ, ਬਰਨਾਲਾ, ਸੰਗਰੂਰ ਤੇ ਮਾਨਸਾ, ਬਲਾਕ-3 ਵਿੱਚ ਮੋਗਾ, ਫਿਰੋਜ਼ਪੁਰ, ਮੁਕਤਸਰ, ਫਾਜ਼ਿਲਕਾ, ਬਠਿੰਡਾ ਤੇ ਫਰੀਦਕੋਟ, ਬਲਾਕ-4 ਹੁਸ਼ਿਆਰਪੁਰ ਤੇ ਗੁਰਦਾਸਪੁਰ, ਬਲਾਕ-5 ਵਿੱਚ ਕਪੂਰਥਲਾ, ਤਰਨ ਤਾਰਨ ਤੇ ਅੰਮ੍ਰਿਤਸਰ, ਬਲਾਕ-6 ਵਿੱਚ ਪਠਾਨਕੋਟ ਅਤੇ ਬਲਾਕ-7 ਵਿੱਚ ਮੋਹਾਲੀ, ਪਟਿਆਲਾ ਅਤੇ ਫਤਹਿਗੜ ਸਾਹਿਬ ਸ਼ਾਮਲ ਹਨ।
ਜਲ ਸਰੋਤ ਵਿਭਾਗ ਦੇ ਜਲ ਨਿਕਾਸ ਵਿੰਗ ਵੱਲੋਂ ਅਨੁਮਾਨ ਲਾਇਆ ਗਿਆ ਸੀ ਕਿ ਦਰਿਆਵਾਂ ਦੇ ਬੈੱਡਾਂ ਵਿੱਚ 5 ਤੋਂ 12 ਫੁੱਟ ਤੱਕ ਗਾਰ ਜਮ੍ਹਾ ਹੋ ਚੁੱਕੀ ਹੈ। ਜੇਕਰ ਇਸ ਨੂੰ ਕੱਢ ਦਿੱਤਾ ਜਾਂਦਾ ਹੈ ਤਾਂ ਦਰਿਆਵਾਂ ਦੀ ਸਮਰੱਥਾ 15,000 ਤੋਂ 50,000 ਕਿਊਸਿਕ ਤੱਕ ਸੁਧਰ ਸਕਦੀ ਹੈ। ਇਸ ਤਰ੍ਹਾਂ ਤਿਆਰ ਕੀਤੀ ਗਈ ਕਿਊਨਿਟ ਨਾਲ ਦਰਿਆਵਾਂ ਦੀ ਮੀਨਡਰਿੰਗ ਐਕਸ਼ਨ ’ਤੇ ਰੋਕ ਲੱਗ ਜਾਵੇਗੀ ਅਤੇ ਦਰਿਆਵਾਂ ਦੇ ਬੰਨਾਂ ਨੂੰ ਨੁਕਸਾਨੇ ਜਾਣ ਤੋਂ ਬਚਾਇਆ ਜਾ ਸਕੇਗਾ। ਇਹ ਮਿਕਦਾਰ ਸੂਬੇ ਵਿੱਚ ਰੇਤਾ ਅਤੇ ਬੱਜਰੀ ਦੀ ਸਾਲਾਨਾ ਖਪਤ ਤੋਂ ਘੱਟੋ-ਘੱਟ 15 ਗੁਣਾ ਜ਼ਿਆਦਾ ਹੈ। ਪੰਜਾਬ ਵਿੱਚ ਦਰਿਆਵਾਂ ਦੇ ਬੰਨ ਆਦਿ ਬਣਾਉਣ ਨਾਲ ਦਰਿਆਵਾਂ ਦੇ ਬੈੱਡ ਦੀ ਕਾਫੀ ਜ਼ਮੀਨ ਖੇਤੀਬਾੜੀ ਵਾਸਤੇ ਖਾਲੀ ਹੋ ਗਈ ਸੀ, ਪਰ ਉਸ ਤੋਂ ਉਪਰੰਤ ਡੀਸਿਲਟਿੰਗ ਦਾ ਕੰਮ ਨਹੀ ਕਰਵਾਇਆ ਗਿਆ। ਹਾਲਾਂਕਿ, ਦਰਿਆਵਾਂ ਦੇ ਬੰਨ ਬੰਨਣ ਕਾਰਨ ਗਾਰ ਜਮ੍ਹਾ ਹੋਣਾ ਦਰਿਆਵਾਂ ਦੇ ਬੰਨਾਂ ਤੱਕ ਹੀ ਸੀਮਿਤ ਹੋ ਗਿਆ। ਇਸ ਨਾਲ ਪਿਛਲੇ ਸਾਲਾਂ ਦੌਰਾਨ ਦਰਿਆਵਾਂ ਦੀ ਪਾਣੀ ਲਿਜਾਣ ਦੀ ਸਮਰੱਥਾ ਘਟ ਗਈ ਹੈ ਜੋ ਕਿ ਪਿਛਲੇ ਕੁਝ ਸਾਲਾਂ ਦੌਰਾਨ ਆਏ ਹੜਾਂ ਦੀ ਭਿਆਨਕਤਾ ਦਾ ਮੁੱਖ ਕਾਰਨ ਹੈ। ਇਸ ਨਾਲ ਵਿਸ਼ੇਸ਼ ਤੌਰ ’ਤੇ ਕਿਸਾਨਾਂ ਨੂੰ ਬਹੁਤ ਸਾਰਾ ਜ਼ਮੀਨੀ ਨੁਕਸਾਨ ਸਹਿਣਾ ਪਿਆ ਅਤੇ ਆਰਥਿਕ ਤੰਗੀ ਵੀ ਹੋਈ।