Accused of desecrating : ਪਿਛਲੇ ਦਿਨੀਂ ਫਤਹਿਗੜ੍ਹ ਸਾਹਿਬ ਦੇ ਦੋ ਪਿੰਡਾਂ ਜੱਲਾ ਤੇ ਤਰਖਾਣ ਮਾਰਜਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ‘ਚ ਦੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਦੋਸ਼ੀ ਦਾ ਅਦਾਲਤ ‘ਚ ਕੇਸ ਚੱਲ ਰਿਹਾ ਹੈ। ਅੱਜ ਉਸ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਹੋਈ ਤੇ ਪੁਲਿਸ ਵੱਲੋਂ ਉਸ ਨੂੰ 7 ਦਿਨ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਕੇਸ ਦੀ ਅਗਵਾਈ ਕਰ ਰਹੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਵੱਲੋਂ ਅਦਾਲਤ ਕੋਲੋਂ ਮੁਲਜ਼ਮਾਂ ਲਈ 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ। ਪਹਿਲਾਂ ਦੋਸ਼ੀ ਨੂੰ 3 ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜਿਆ ਤੇ ਹੁਣ ਦੋਸ਼ੀ ਨੂੰ 7 ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ ਗਿਆ ਹੈ।
SGPC ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬੇਅਦਬੀਆਂ ਦੇ ਕੇਸ ਲੜੇਗੀ ਤੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ‘ਚ ਬਖਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਥੇ ਦੱਸਣਯੋਗ ਹੈ ਸਹਿਜਵੀਰ ਸਿੰਘ (ਉਮਰ 19 ਸਾਲ) ਵਾਸੀ ਨਾਭਾ ਨੇ ਫਤਿਹਗੜ੍ਹ ਸਾਹਿਬ ਵਿਖੇ ਦੋ ਥਾਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਸੀ। ਉਕਤ ਦੋਸ਼ੀ ਪਹਿਲਾਂ ਫਤਿਹਗੜ੍ਹ ਸਾਹਿਬ ਵਿਖੇ ਤਰਖਾਣ ਮਜਾਰਾ ਨੇੜੇ ਗੁਰਦੁਆਰੇ ‘ਚ ਗਿਆ। ਉਹ ਮੱਥਾ ਟੇਕਣ ਦੇ ਬਹਾਨੇ ਨਾਲ ਸਵਿਫਟ ਕਾਰ ‘ਚ ਆਇਆ ਸੀ ਤੇ ਉਸ ਦਾ ਦੂਜਾ ਦੋਸਤ ਬਾਹਰ ਕਾਰ ‘ਚ ਹੀ ਬੈਠਾ ਸੀ। ਇਸ ਤੋਂ ਬਾਅਦ ਪਿੰਡ ਜੱਲ੍ਹਾ ਵਿਖੇ ਵੀ ਉਸ ਨੇ ਦੁਬਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਤੇ ਫਿਰ ਦੋਸ਼ੀ ਦੀ ਪਛਾਣ ਉਸਦੇ ਪਿਤਾ ਦੁਆਰਾ ਵੀ ਕੀਤੀ ਗਈ ਹੈ, ਜਿਸਨੂੰ ਉਸਦੇ ਪੁੱਤਰ ਦੀ ਘਿਨਾਉਣੀ ਹਰਕਤ ਬਾਰੇ ਜਾਣਕਾਰੀ ਮਿਲਣ ਉਤੇ ਮੌਕੇ ‘ਤੇ ਸੱਦਿਆ ਗਿਆ ਸੀ।