Punjab University postpones : ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਜਕੁਮਾਰ ਨੇ ਵੀਰਵਾਰ ਨੂੰ ਇੱਕ ਸਰਕੂਲਰ ਜਾਰੀ ਕਰਕੇ ਸੀਨੇਟ ਚੋਣਾਂ ਨੂੰ ਅਗਲੇ ਹੁਕਮ ਤੱਕ ਮੁਲਤਵੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੀਨੇਟ ਚੋਣਾਂ ਦੇ ਆਯੋਜਨ ਨੂੰ ਲੈ ਕੇ ਚੱਲ ਰਹੀਆਂ ਸਾਰੀਆਂ ਰਣਨੀਤੀਆਂ ‘ਤੇ ਪਾਣੀ ਵੀ ਫਿਰ ਗਿਆ। ਸੂਤਰਾਂ ਮੁਤਾਬਕ ਸੀਨੇਟ ਦਾ ਇੱਕ ਧੜਾ ਚੋਣਾਂ ਹੋਣ ਨੂੰ ਲੈ ਕੇ ਪੂਰੀ ਤਰ੍ਹਾਂ ਤੋਂ ਆਸਵੰਦ ਸਨ। ਸੀਨੇਟ ਚੋਣਾਂ ਨਵੰਬਰ ਮਹੀਨੇ ‘ਚ ਆਯੋਜਿਤ ਹੋ ਸਕਦੇ ਹਨ ਪਰ ਵਾਈਸ ਚਾਂਸਲਰ ਦੇ ਫੈਸਲੇ ਤੋਂ ਬਾਅਦ ਬਾਜ਼ੀ ਉਲਟੀ ਹੋ ਗਈ ਹੈ। ਉਨ੍ਹਾਂ ਨੇ ਸਰਕੂਲਰ ਜਾਰੀ ਕਰਕੇ ਕਿਹਾ ਕਿ ਅਨਲਾਕ-5 ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ‘ਚ ਰੱਖਦੇ ਹੋਏ ਚੋਣਾਂ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ।
ਵਾਈਸ ਚਾਂਸਲਰ ਨੇ ਸੀਨੇਟ ਚੋਣਾਂ ਲਈ ਯੂ. ਟੀ. ਪ੍ਰਸ਼ਾਸਨ ਨਾਲ ਗੱਲ ਕਰਨ ਦਾ ਵੀ ਜ਼ਿਕਰ ਕੀਤਾ ਹੈ। ਜ਼ਿਕਰਯੋਗ ਹੈ ਕਿ 14 ਸਤੰਬਰ ਨੂੰ ਆਯੋਜਿਤ ਹੋਣ ਵਾਲੇ ਸੀਨੇਟ ਚੋਣਾਂ ਤੋਂ ਪਹਿਲਾਂ ਹੀ ਯੂ. ਟੀ. ਪ੍ਰਸ਼ਾਸਨ ਨੇ ਇਸ ਨੂੰ ਮੁਲਤਵੀ ਕਰਨ ਦਾ ਹੁਕਮ ਦਿੱਤਾ ਸੀ। ਉਸ ਸਮੇਂ ਯੂ. ਟੀ. ਪ੍ਰਸ਼ਾਸਨ ਨੇ ਕੋਰੋਨਾ ਦੇ ਵਧਦੇ ਕੇਸ ਦਾ ਹਵਾਲਾ ਦੇ ਕੇ ਚੋਣਾਂ ਨੂੰ ਮੁਲਤਵੀ ਕੀਤਾ ਸੀ ਪਰ ਹੁਣ ਅਨਲਾਕ-5 ਸ਼ੁਰੂ ਹੁੰਦੇ ਹੀ ਚੋਣਾਂ ਦੇ ਆਯੋਜਨ ਨੂੰ ਲੈ ਕੇ ਇਹ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਸਾਫ ਕਹਿ ਦਿੱਤਾ ਕਿ ਜਦੋਂ ਤੱਕ ਚੋਣਾਂ ਨੂੰ ਲੈ ਕੇ ਯੂ. ਟੀ. ਪ੍ਰਸ਼ਾਸਨ ਲਿਖਤ ‘ਚ ਮਨਜ਼ੂਰੀ ਨਹੀਂ ਦੇਵੇਗਾ ਉਦੋਂ ਤੱਕ ਚੋਣ ਦੀ ਤਰੀਖ ਦਾ ਐਲਾਨ ਨਹੀਂ ਹੋਵੇਗਾ। ਚੋਣ ਲਈ ਯੂ. ਟੀ. ਪ੍ਰਸ਼ਾਸਨ ਵੱਲੋਂ ਜੋ ਵੀ ਗਾਈਡਲਾਈਨਸ ਹੋਣਗੀਆਂ, ਪੀ. ਯੂ. ਉਸ ਨੂੰ ਫਾਲੋਅ ਕਰੇਗਾ। ਪ੍ਰੋ. ਨਵਦੀਪ ਗੋਇਲ ਨੇ ਕਿਹਾ ਕਿ ਸੀਨੇਟ ਦਾ ਕਾਰਜਕਾਰ ਇਸ ਮਹੀਨੇ ਖਤਮ ਹੋ ਰਿਹਾ ਹੈ। ਅਜਿਹੇ ‘ਚ ਉਨ੍ਹਾਂ ਮੁਤਾਬਕ ਚੋਣਾਂ ਦਾ ਆਯੋਜਨ ਸਮੇਂ ਰਹਿੰਦੇ ਹੀ ਹੋ ਜਾਣਾ ਚਾਹੀਦਾ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਆਉਣ ਵਾਲੇ ਸਮੇਂ ‘ਚ ਮੁਸ਼ਕਲਾਂ ਵੱਧ ਸਕਦੀਆਂ ਹਨ।