Shauria Chakra Balwinder : ਭਿਖੀਵਿੰਡ : ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦਾ ਬੀਤੇ ਦਿਨੀਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਣਾ ਸੀ ਪਰ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਪੱਕੀ ਸਕਿਓਰਿਟੀ ਨਹੀਂ ਦਿੱਤੀ ਜਾਂਦੀ ਤੇ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਬਲਵਿੰਦਰ ਸਿੰਘ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਇਹ ਵੀ ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਬਲਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਸਕਿਓਰਿਟੀ ਦੀ ਮੰਗ ਕੀਤੀ ਜਾ ਰਹੀ ਸੀ ਪਰ ਸਰਕਾਰ ਵੱਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਜਿਸ ਕਾਰਨ ਹੁਣ ਲਗਾਤਾਰ ਪਰਿਵਾਰਕ ਮੈਂਬਰ ਵੱਲੋਂ ਸੁਰੱਖਿਆ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ।
ਮੌਕੇ ‘ਤੇ ਮੌਜੂਦ ਅਧਿਕਾਰੀ ਰਾਜਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਦੀ ਸੁਰੱਖਿਆ ਲਈ ਤਿੰਨ ਸਕਿਓਰਿਟੀ ਗਾਰਡਾਂ ਨੂੰ ਤਾਇਨਾਤ ਕਰ ਦਿੱਤਾ ਹੈ ਪਰ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਲਿਖਤੀ ਤੌਰ ‘ਤੇ ਪੱਕੀ ਸਕਿਓਰਿਟੀ ਦਿੱਤੇ ਜਾਣ ਦਾ ਵਾਅਦਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਬਲਵਿੰਦਰ ਸਿੰਘ ਦਾ ਸਸਕਾਰ ਨਹੀਂ ਕਰਨਗੇ। ਪਰਿਵਾਰਕ ਮੈਂਬਰਾਂ ਦੀ ਮੰਗ ਮੁਤਾਬਕ ਪੱਕੇ ਤੌਰ ‘ਤੇ ਸਕਿਓਰਿਟੀ ਦੇਣ ਲਈ ਲਿਖਤੀ ਤੌਰ ‘ਤੇ ਲੈਟਰ ਤਾਂ ਜਾਰੀ ਕਰ ਦਿੱਤੀ ਗਈ ਹੈ ਤੇ ਉਮੀਦ ਹੈ ਕਿ ਜਲਦ ਹੀ ਉਨ੍ਹਾਂ ਦੀ ਮੰਗ ਨੂੰ ਪੂਰਾ ਕਰ ਦਿੱਤਾ ਜਾਵੇਗਾ।
ਬਲਵਿੰਦਰ ਸਿੰਘ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਦੇਸ਼ ਭਰ ‘ਚ ਉਨ੍ਹਾਂ ਦਾ ਹੀ ਇਕਲੌਤਾ ਪਰਿਵਾਰ ਹੈ ਜਿਸ ਦੇ ਚਾਰ ਮੈਂਬਰਾਂ ਨੂੰ ਇਕੱਠੇ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਪਰ ਅੱਤਵਾਦੀਆਂ ਦੀ ਹਿੱਟ ਲਿਸਟ ‘ਤੇ ਹੋਣ ਦੇ ਬਾਵਜੂਦ ਪਰਿਵਾਰ ਦੇ ਕਿਸੇ ਮੈਂਬਰ ਕੋਲ ਸੁਰੱਖਿਆ ਨਾ ਹੋਣਾ ਪੁਲਿਸ ਪ੍ਰਸ਼ਾਸਨ ਦੀ ਬਹੁਤ ਵੱਡੀ ਗਲਤੀ ਹੈ।