Prominent literary thinker : ਪਟਿਆਲਾ : ਸਾਹਿਤ ਚਿੰਤਕ ਤੇ ਵਿਗਿਆਨ ਲੇਖਕ ਡਾ. ਕੁਲਦੀਪ ਸਿੰਘ ਧੀਰ ਹੁਣ ਸਾਡੇ ‘ਚ ਨਹੀਂ ਰਹੇ। ਉਨ੍ਹਾਂ ਨੇ ਸਾਰੀ ਉਮਰ ਵਿਗਿਆਨ ਬਾਰੇ ਗਹਿਰ ਗੰਭੀਰੇ ਲੇਖ ਤੇ ਪੁਸਤਕਾਂ ਲਿਖੀਆਂ। ਡਾ. ਧੀਰ ਮੂਲ ਤੌਰ ‘ਤੇ ਇੰਜੀਨੀਅਰਿੰਗ ਤੇ ਵਿਗਿਆਨ ਦੇ ਵਿਦਿਆਰਥੀ ਸਨ ਪਰ ਉਨ੍ਹਾਂ ਨੇ ਪੰਜਾਬ ਦੇ ਲੇਖਨ ਖੇਤਰ ‘ਚ ਕਾਫੀ ਉਪਲਬਧੀਆਂ ਹਾਸਲ ਕੀਤੀਆਂ। ਉਹ ਸਾਬਕਾ ਮੁਖੀ ਪੰਜਾਬੀ ਵਿਭਾਗ, ਡੀਨ ਅਕਾਦਮਿਕ ਅਫੇਅਰਜ਼,ਪੰਜਾਬੀ ਯੂਨੀਵਰਸਿਟੀ ਪਟਿਆਲਾ ਰਹਿ ਚੁੱਕੇ ਸਨ।
ਡਾ. ਧੀਰ ਵਧੀਆ ਪ੍ਰੇਰਕ ਸਨ। ਕੰਮ ਦੇ ਮਗਰ ਟੁੱਟ ਕੇ ਪੈਣ ਵਾਲੇ। ਖਹਿੜਾ ਨਾ ਛੱਡਦੇ ,ਮੰਜ਼ਿਲ ਤੱਕ ਪਹੁੰਚਣ ਤੱਕ ਹਿੰਮਤੀ ਫ਼ਸਲ ਮੁੱਕ ਰਹੀ ਹੈ। ਡਾ. ਕੁਲਦੀਪ ਸਿੰਘ ਧੀਰ ਜੀ ਦਾ ਜਨਮ ਮਾਤਾ ਕੁਲਵੰਤ ਕੌਰ ਦੀ ਕੁਖੋਂ ਸ: ਪ੍ਰੇਮ ਸਿੰਘ ਜੀ ਦੇ ਘਰ 15 ਨਵੰਬਰ 1943 ਨੂੰ ਮੰਡੀ ਬਹਾਉਦੀਨ (ਗੁਜਰਾਤ -ਪਾਕਿਸਤਾਨ)ਵਿੱਚ ਹੋਇਆ। ਪਰਿਵਾਰ ਪੱਕੇ ਤੌਰ ਤੇ ਪਟਿਆਲੇ ਵੱਸ ਗਿਆ ਜਿੱਥੋਂ ਆਪ ਨੇ ਮਕੈਨੀਕਲ ਇੰਜੀਨਰਿੰਗ ਦੀ ਡਿਗਰੀ ਥਾਪਰ ਇੰਜੀਨੀਰਿੰਗ ਕਾਲਜ ਤੋਂ 1966 ਚ ਕੀਤੀ ਤੇ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਪੰਜਾਬੀ ‘ਚ ਡਾਕਟਰੇਟ ਕੀਤੀ। ਉਨ੍ਹਾਂ ਨੂੰ ਭਾਈ ਸੰਤੋਖ ਸਿੰਘ ਪੁਰਸਕਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ 1998, ਸਾਈਂ ਮੀਆਮੀਰ ਟਰੱਸਟ ਅਵਾਰਡ 2000, ਪੰਜਾਬ ਸਰਕਾਰ ਦਾ 1 ਲੱਖ ਕੈਸ਼ ਇਨਾਮ ਸ਼੍ਰੋਮਣੀ ਪੰਜਾਬੀ ਲੇਖਕ1999,ਐਮ ਐਸ ਰੰਧਾਵਾ ਭਾਸ਼ਾ ਵਿਭਾਗ ਇਨਾਮ 2003, ਐਮ ਐਸ ਰੰਧਾਵਾ ਗਿਆਨ ਵਿਗਿਆਨ ਇਨਾਮ ਪੰਜਾਬ ਖੇਤੀ ਯੂਨੀਵਰਸਿਟੀ ਚ 2004 ਵੇਲੇ ਹੋਈ ਪੰਜਾਬ ਵਿਗਿਆਨ ਕਾਂਗਰਸ ਚ ਮਿਲਿਆ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵੀ ਉਹ ਜੀਵਨ ਮੈਂਬਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 12 ਬੀਰਜੀ ਸ਼ਮਸ਼ਾਨ ਭੂਮੀ ਪਟਿਆਲਾ ਵਿਖੇ ਕੀਤਾ ਜਾਵੇਗਾ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਡਾ. ਧੀਰ ਦੇ ਸਦੀਵੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸ. ਪ. ਸਿੰਘ, ਸੁਰਿੰਦਰ ਕੈਲੇ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜੀਤ ਕੌਰ ਅੰਬਾਲਵੀ, ਖੁਸ਼ਵੰਤ ਸਿੰਘ ਬਰਗਾੜੀ, ਭੁਪਿੰਦਰ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸ੍ਰੀ ਰਾਮ ਅਰਸ਼, ਭਗਵੰਤ ਰਸੂਲਪੁਰੀ, ਕਮਲਜੀਤ ਨੀਲੋਂ, ਜਸਵੀਰ ਝੱਜ, ਡਾ. ਸੁਦਰਸ਼ਨ ਗਾਸੋ, ਸੁਦਰਸ਼ਨ ਗਰਗ, ਤਰਸੇਮ, ਅਮਰਜੀਤ ਕੌਰ ਹਿਰਦੇ, ਸੁਰਿੰਦਰ ਨੀਰ, ਡਾ. ਵਨੀਤਾ, ਗੁਲਜ਼ਾਰ ਸਿੰਘ ਸ਼ੌਂਕੀ, ਪ੍ਰੇਮ ਸਾਹਿਲ, ਮੇਜਰ ਸਿੰਘ ਗਿੱਲ ਅਤੇ ਅਕਾਡਮੀ ਦੇ ਹੋਰ ਮੈਂਬਰ ਮੌਜੂਦ ਸਨ।