Schools reopen in UP Punjab: ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਹਾਲੇ ਰੁਕਿਆ ਨਹੀਂ ਹੈ। ਦੇਸ਼ ਵਿੱਚ ਹਰ ਦਿਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ। ਇਸ ਦੌਰਾਨ ਦੇਸ਼ ਦੇ ਕਈ ਹਿੱਸਿਆਂ ਵਿੱਚ ਕਈ ਮਹੀਨਿਆਂ ਬਾਅਦ ਅੱਜ ਤੋਂ ਸਕੂਲ ਖੁੱਲ੍ਹਣ ਜਾ ਰਹੇ ਹਨ । ਇਸ ਦੌਰਾਨ ਸਕੂਲਾਂ ਨੂੰ ਕੋਰੋਨਾ ਵਾਇਰਸ ਨਾਲ ਜੁੜੇ ਦਿਸ਼ਾ ਨਿਰਦੇਸ਼ਾਂ ਦੀ ਵੀ ਪਾਲਣਾ ਕਰਨੀ ਪਵੇਗੀ। ਕੋਰੋਨਾ ਵਾਇਰਸ ਸੰਕਟ ਕਾਰਨ ਦੇਸ਼ ਵਿੱਚ ਲਾਕਡਾਊਨ ਲਾਗੂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਦੇਸ਼ ਵਿੱਚ ਅਨਲਾਕ ਦੀ ਪ੍ਰਕਿਰਿਆ ਚੱਲ ਰਹੀ ਹੈ । ਇਸ ਅਨਲੌਕ ਪ੍ਰਕਿਰਿਆ ਦੇ ਹਿੱਸੇ ਵਜੋਂ ਕੇਂਦਰ ਸਰਕਾਰ ਨੇ ਰਾਜਾਂ ਨੂੰ ਵੀ ਸਕੂਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ, ਜਿਸ ਦੇ ਚੱਲਦਿਆਂ ਕਈ ਰਾਜਾਂ ਨੇ 15 ਅਕਤੂਬਰ ਤੋਂ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਸੀ, ਜਦੋਂ ਕਿ ਕਈ ਰਾਜ ਅੱਜ 19 ਅਕਤੂਬਰ ਤੋਂ ਸਕੂਲ ਖੋਲ੍ਹ ਰਹੇ ਹਨ ।
ਦਰਅਸਲ, ਅੱਜ ਤੋਂ ਉੱਤਰ ਪ੍ਰਦੇਸ਼, ਪੰਜਾਬ ਅਤੇ ਸਿੱਕਮ ਵਰਗੇ ਰਾਜਾਂ ਵਿੱਚ ਸਕੂਲ ਖੋਲ੍ਹੇ ਜਾਣਗੇ । ਇਸ ਦੇ ਨਾਲ ਹੀ ਰਾਜ ਸਰਕਾਰਾਂ ਨੇ ਸਕੂਲ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਵੀ ਤਿਆਰ ਕੀਤੇ ਹਨ, ਜਿਨ੍ਹਾਂ ਦੀ ਪਾਲਣਾ ਕੋਰਨਾ ਸੰਕਟ ਦੇ ਮੱਦੇਨਜ਼ਰ ਕਰਨੀ ਪਵੇਗੀ । ਅੱਜ ਤੋਂ ਪੰਜਾਬ ਵਿੱਚ ਕੰਨਟੇਨਮੈਂਟ ਜ਼ੋਨ ਤੋਂ ਬਾਹਰ 9ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਖੁੱਲ੍ਹਣਗੀਆਂ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ ਵੀ ਅੱਜ ਤੋਂ ਸਕੂਲ ਖੁੱਲ੍ਹਣਗੇ । ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ 6 ਮਹੀਨਿਆਂ ਤੋਂ ਵੱਧ ਸਮੇਂ ਲਈ ਬੰਦ ਰਹਿਣ ਤੋਂ ਬਾਅਦ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਯੂਪੀ ਵਿੱਚ ਸਕੂਲ ਖੋਲ੍ਹੇ ਜਾਣਗੇ। ਉੱਤਰ ਪ੍ਰਦੇਸ਼ ਵਿੱਚ ਸਿਰਫ ਮਾਪਿਆਂ ਦੀ ਆਗਿਆ ਨਾਲ ਹੀ ਬੱਚੇ ਸਕੂਲ ਆ ਸਕਣਗੇ । ਇਸ ਤੋਂ ਇਲਾਵਾ ਸਿੱਕਮ ਦੇ ਸਕੂਲ ਵੀ ਅੱਜ ਤੋਂ ਖੋਲ੍ਹੇ ਜਾਣਗੇ । ਸਿੱਕਮ ਵਿੱਚ ਮੌਜੂਦਾ ਵਿੱਦਿਅਕ ਸੈਸ਼ਨ ਫਰਵਰੀ ਤੱਕ ਖ਼ਤਮ ਹੋ ਜਾਵੇਗਾ।
ਕੀ ਹੈ ਗਾਈਡਲਾਈਨ?
ਫਰਨੀਚਰ, ਸਟੇਸ਼ਨਰੀ, ਕੰਟੀਨ, ਲੈਬ ਦੇ ਨਾਲ-ਨਾਲ ਸਮੁੱਚੇ ਕੈਂਪਸ ਅਤੇ ਕਲਾਸ ਰੂਮ ਨੂੰ ਰੋਜ਼ਾਨਾ ਸੈਨੀਟਾਈਜ਼ ਕਰਨਾ ਪਵੇਗਾ। ਇੱਕ ਕਲਾਸ ਵਿੱਚ ਇੱਕ ਦਿਨ ਵਿੱਚ ਸਿਰਫ 50 ਪ੍ਰਤੀਸ਼ਤ ਬੱਚੇ ਹੀ ਬੈਠਣਗੇ। ਦੂਜੇ ਦਿਨ ਬਾਕੀ ਦੇ ਬੱਚਿਆਂ ਦੀ ਪੜ੍ਹਾਈ ਹੋਵੇਗੀ। ਦੋ ਵਿਦਿਆਰਥੀਆਂ ਵਿਚਾਲੇ 6 ਫੁੱਟ ਦੀ ਦੂਰੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਸਭ ਤੋਂ ਸਖਤ ਨਿਯਮ ਇਹ ਹੈ ਕਿ ਕੋਈ ਵੀ ਵਿਦਿਆਰਥੀ ਆਪਣੇ ਮਾਪਿਆਂ ਦੀ ਲਿਖਤੀ ਆਗਿਆ ਤੋਂ ਬਿਨ੍ਹਾਂ ਸਕੂਲ ਨਹੀਂ ਆ ਸਕੇਗਾ।
ਇਸ ਤੋਂ ਇਲਾਵਾ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾਵੇਗਾ। ਕੋਸ਼ਿਸ਼ ਇਹ ਰਹੇਗੀ ਕਿ ਮਾਂ-ਪਿਓ ਆਪਣੇ ਆਪ ਬੱਚੇ ਨੂੰ ਲਿਆਉਣ ਅਤੇ ਲੈ ਕੇ ਜਾਣ। ਬੱਚੇ ਨੂੰ ਯੂਨੀਫਾਰਮ ਵਿੱਚ ਪੂਰੀ ਬਾਂਹ ਦੀ ਕਮੀਜ਼, ਪੂਰੀ ਪੈਂਟ ਅਤੇ ਜੁੱਤੀਆਂ ਪਾਉਣਾ ਲਾਜ਼ਮੀ ਹੋਵੇਗਾ। ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਬਹੁਤ ਲਾਜ਼ਮੀ ਹੋਵੇਗਾ। ਕਲਾਸ ਰੂਮ ਵਿੱਚ ਮਾਸਕ ਉਤਾਰਨ ਦੀ ਆਗਿਆ ਨਹੀਂ ਹੋਵੇਗੀ।