India reports 55722 new cases: ਦੇਸ਼ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਸੰਕ੍ਰਮਣ ਦੇ ਨਵੇਂ ਮਾਮਲਿਆਂ ਵਿੱਚ ਕਮੀ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇਸਦੇ ਨਾਲ ਹੀ ਦੇਸ਼ ਵਿੱਚ ਹੁਣ ਕੋਰੋਨਾ ਵਾਇਰਸ ਸੈਂਪਲ ਦੀ ਜਾਂਚ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸੇ ਵਿਚਾਲੇ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 75 ਲੱਖ ਦੇ ਪਾਰ ਹੋ ਗਈ ਹੈ । ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 55 ਹਜਾਰ 722 ਨਵੇਂ ਮਾਮਲੇ ਸਾਹਮਣੇ ਆਏ ਹਨ । ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 75 ਲੱਖ 50 ਹਜ਼ਾਰ 273 ਹੋ ਗਈ ਹੈ। ਉੱਥੇ ਹੀ ਇਸ ਦੌਰਾਨ 579 ਮਰੀਜ਼ਾਂ ਦੀ ਮੌਤ ਹੋ ਗਈ । ਜਿਸ ਤੋਂ ਬਾਅਦ ਦੇਸ਼ ਵਿੱਚ ਮ੍ਰਿਤਕਾਂ ਦਾ ਅੰਕੜਾ 1 ਲੱਖ 14 ਹਜ਼ਾਰ 610 ‘ਤੇ ਪਹੁੰਚ ਗਿਆ ਹੈ । ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ 66 ਲੱਖ 63 ਹਜ਼ਾਰ 608 ਮਰੀਜ਼ ਠੀਕ ਹੋ ਚੁੱਕੇ ਹਨ । ਉੱਥੇ ਹੀ, 7 ਲੱਖ 72 ਹਜ਼ਾਰ 055 ਮਰੀਜ਼ ਅਜੇ ਵੀ ਇਲਾਜ ਅਧੀਨ ਹਨ ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਫਿਲਹਾਲ 10.45 ਪ੍ਰਤੀਸ਼ਤ ਐਕਟਿਵ ਕੇਸ ਹਨ, ਜਦੋਂ ਕਿ 88.03 ਪ੍ਰਤੀਸ਼ਤ ਲੋਕ ਠੀਕ ਹੋ ਚੁੱਕੇ ਹਨ । ਉੱਥੇ ਹੀ 1.52 ਪ੍ਰਤੀਸ਼ਤ ਲੋਕਾਂ ਦੀ ਮੌਤ ਇਸ ਬਿਮਾਰੀ ਕਾਰਨ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਉਹ ਆਪਣੇ ਅੰਕੜਿਆਂ ਨੂੰ ICMR ਨਾਲ ਮਿਲਾ ਰਿਹਾ ਹੈ। ਉੱਥੇ ਹੀ ICMR ਅਨੁਸਾਰ 18 ਅਕਤੂਬਰ ਤੱਕ ਕੋਰੋਨਾ ਵਾਇਰਸ ਦੇ ਕੁੱਲ 9 ਕਰੋੜ 50 ਲੱਖ 83 ਹਜ਼ਾਰ 976 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ ਕੱਲ੍ਹ ਯਾਨੀ ਕਿ ਐਤਵਾਰ ਨੂੰ 8 ਲੱਖ 59 ਹਜ਼ਾਰ 786 ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ । ਦੇਸ਼ ਵਿੱਚ ਸਕਾਰਾਤਮਕਤਾ ਦਰ 7 ਪ੍ਰਤੀਸ਼ਤ ਹੈ।
ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ, ਜਿੱਥੇ ਐਤਵਾਰ ਨੂੰ ਕੋਰੋਨਾ ਦੇ 9,060 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਇੱਥੇ ਮਰੀਜ਼ਾਂ ਦੀ ਕੁੱਲ ਗਿਣਤੀ 15,95,381 ਹੋ ਗਈ ਹੈ। ਇਸ ਇਲਾਵਾ 11,204 ਲੋਕ ਠੀਕ ਹੋਏ ਹਨ ਅਤੇ 150 ਮਰੀਜ਼ਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 41 ਹਜ਼ਾਰ 115 ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ । ਉੱਥੇ ਹੀ ਦੂਜੇ ਪਾਸੇ ਐਤਵਾਰ ਨੂੰ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ 3299 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸਦੇ ਨਾਲ, ਸੰਕਰਮਿਤ ਦੀ ਕੁੱਲ ਸੰਖਿਆ 3,31,017 ‘ਤੇ ਪਹੁੰਚ ਗਈ ਹੈ।