Implementing Odd even Scheme: ਨਵੀਂ ਦਿੱਲੀ: ਦਿੱਲੀ ਵਿੱਚ ਇੱਕ ਵਾਰ ਫਿਰ ਤੇਜ਼ੀ ਨਾਲ ਵੱਧ ਰਹੇ ਪ੍ਰਦੂਸ਼ਣ ਨੇ ਸਰਕਾਰਾਂ ਦੇ ਤਣਾਅ ਵਿੱਚ ਵਾਧਾ ਕਰ ਦਿੱਤਾ ਹੈ । ਸਰਕਾਰੀ ਏਜੰਸੀਆਂ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਹਵਾ ਦੀ ਦਿਸ਼ਾ ਵਿੱਚ ਤਬਦੀਲੀ ਅਤੇ ਰਫਤਾਰ ਵਿੱਚ ਗਿਰਾਵਟ ਦੇ ਕਾਰਨ ਹਵਾ ਦੀ ਕੁਆਲਟੀ ਵਿੱਚ ਹੋਰ ਗਿਰਾਵਟ ਆ ਸਕਦੀ ਹੈ ਅਤੇ ਇਸ ਨਾਲ ਏਅਰ ਕੁਆਲਟੀ ਇੰਡੈਕਸ (AQI) ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆ ਸਕਦਾ ਹੈ । ਧਰਤੀ ਵਿਗਿਆਨ ਮੰਤਰਾਲੇ ਦੀ ਏਅਰ ਕੁਆਲਟੀ ਨਿਗਰਾਨੀ ਦੇ ਕਰਮਚਾਰੀ ਨੇ ਕਿਹਾ ਕਿ ਹਵਾ ਦੀ ਦਿਸ਼ਾ ਵਿੱਚ ਬਦਲਾਅ ਅਤੇ ਹਵਾ ਦੀ ਗਤੀ ਘਟਣ ਕਾਰਨ ਬੁੱਧਵਾਰ ਨੂੰ AQI ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆ ਸਕਦਾ ਹੈ।
ਦਰਅਸਲ, ਦਿੱਲੀ ਵਿੱਚ AQI ਦੀ 24 ਘੰਟੇ ਦੀ ਔਸਤ 244 ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਇਹ 254, ਸ਼ਨੀਵਾਰ ਨੂੰ 287, ਸ਼ੁੱਕਰਵਾਰ ਨੂੰ 239 ਅਤੇ ਵੀਰਵਾਰ ਨੂੰ 315 ਦਰਜ ਕੀਤਾ ਗਿਆ ਸੀ। ਇਸ ਸਬੰਧੀ ਵਾਤਾਵਰਣ ਪ੍ਰਦੂਸ਼ਣ ਕੰਟਰੋਲ ਅਥਾਰਟੀ ਨੇ ਆਉਣ ਵਾਲੇ ਦਿਨਾਂ ਵਿੱਚ ਹਵਾ ਦੇ ਹੋਰ ਵਿਗੜਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਅਜਿਹੇ ਥਰਮਲ ਪਾਵਰ ਪਲਾਂਟ ਬੰਦ ਕਰਨ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ ਜੋ 2015 ਵਿੱਚ ਤਿਆਰ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ।
ਦਿੱਲੀ ਪ੍ਰਦੂਸ਼ਣ ਨੂੰ ਲੈ ਕੇ ਕੇਜਰੀਵਾਲ ਸਰਕਾਰ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸ ਦੌਰਾਨ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਇੱਕ ਵਾਰ ਫਿਰ ਦਿੱਲੀ ਵਿੱਚ Odd-Even ਲਾਗੂ ਕਰਨ ਦਾ ਸੰਕੇਤ ਦਿੱਤਾ ਹੈ। ਦਿੱਲੀ ਸਰਕਾਰ ‘ਰੈਡ ਲਾਈਟ ਚੱਲੀ, ਗੱਡੀ ਬੰਦ’ ਮੁਹਿੰਮ ‘ਤੇ ਧਿਆਨ ਕੇਂਦ੍ਰਤ ਕਰ ਰਹੀ ਹੈ । ਇਹ ਮੁਹਿੰਮ 21 ਅਕਤੂਬਰ ਤੋਂ ਜ਼ਮੀਨੀ ਪੱਧਰ ‘ਤੇ ਸ਼ੁਰੂ ਹੋਵੇਗੀ। ਜਿਸ ਵਿੱਚ ਲਾਲ ਬੱਤੀ ਆਨ ਹੁੰਦਿਆਂ ਹੀ ਤੇ ਲੋਕਾਂ ਨੂੰ ਗੱਡੀਆਂ ਬੰਦ ਕਰਨ ਦੀ ਅਪੀਲ ਕੀਤੀ ਜਾਵੇਗੀ। ਗੋਪਾਲ ਰਾਏ ਨੇ ਕਿਹਾ ਕਿ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸ਼ਹਿਰ ਵਿੱਚ 2500 ਵਾਤਾਵਰਣ ਮਾਰਸ਼ਲ ਤਾਇਨਾਤ ਕੀਤੇ ਜਾਣਗੇ। ਇਹ ਮਾਰਸ਼ਲ ਦਿੱਲੀ ਦੇ 11 ਜ਼ਿਲ੍ਹਿਆਂ ਵਿਚ 100 ਟ੍ਰੈਫਿਕ ਸਿਗਨਲਾਂ ‘ਤੇ ਤਾਇਨਾਤ ਕੀਤੇ ਜਾਣਗੇ।