Chief Minister assures : ਅੰਮ੍ਰਿਤਸਰ ਵਿਖੇ ਨਵਾਂ ਪਿੰਡ ਵਾਸੀ ਵਿਕਰਮਜੀਤ ਸਿੰਘ ਵਿੱਕੀ ਅਤੇ ਸੁਖਬੀਰ ਕੌਰ ਵੱਲੋਂ ਆਤਮਹੱਤਿਆ ਕੀਤੇ ਜਾਣ ਦਾ ਮਾਮਲਾ CM ਅਮਰਿੰਦਰ ਸਿੰਘ ਕੋਲ ਵੀ ਪੁੱਜ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਬੇਟੀ ਤਰਨਪ੍ਰੀਤ ਕੌਰ ਨਾਲ ਫੋਨ ‘ਤੇ ਗੱਲ ਕੀਤੀ ਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ। ਵਿਕਰਮਜੀਤ ਸਿੰਘ ਵਿੱਕੀ ਤੇ ਸੁਖਬੀਰ ਕੌਰ ਦੀ ਆਤਮਹੱਤਿਆ ਮਾਮਲੇ ਦੀ ਜਾਂਚ ਹੁਣ ਐੱਸ. ਆਈ. ਟੀ. ਵੱਲੋਂ ਕੀਤੀ ਜਾਵੇਗੀ। ਇਸ ਮਾਮਲੇ ‘ਚ SHO ਇੰਸਪੈਕਟਰ ਸਤਪਾਲ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਹੁਣ ਕੇਸ ਦੀ ਅਗਵਾਈ SP ਗੌਰਵ ਤੁਰਰਾ ਵੱਲੋਂ ਹੋਵੇਗੀ।
ਤਰਨਪ੍ਰੀਤ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਐੱਸ. ਆਈ. ਸੰਦੀਪ ਕੌਰ ਕਾਰਨ ਉਸ ਦੇ ਮਾਪਿਆਂ ਦੀ ਜਾਨ ਗਈ ਹੈ। ਉਕਤ ਔਰਤ ਨੇ ਉਸ ਦੇ ਪਿਤਾ ਕੋਲੋਂ ਲਗਭਗ 18 ਲੱਖ ਰੁਪਏ ਦੀ ਬਲੈਕਮੇਲਿੰਗ ਕੀਤੀ ਪਰ ਉਸ ਖਿਲਾਫ ਪੁਲਿਸ ਵੱਲੋਂ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਜਲਦੀ ਹੀ ਇਨਸਾਫ ਮਿਲੇਗਾ ਤੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਆਈ. ਜੀ. ਐੱਸ. ਪੀ. ਐੱਸ. ਪਰਮਾਰ ਵੀ ਪੂਰੇ ਮਾਮਲੇ ਦੀ ਜਾਂਚ ਕਰਨਗੇ। ਤਰਨਪ੍ਰੀਤ ਦੀ ਮੁੱਖ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਸੋਮਵਾਰ ਨੂੰ SSP ਦਿਹਾਤੀ ਧਰੁਵ ਦਹੀਆ ਨੇ ਵੀ ਸਬ-ਇੰਸਪੈਕਟਰ ਸੰਦੀਪ ਕੌਰ ਨੂੰ ਗ੍ਰਿਫਤਾਰ ਕਰਨ ‘ਚ ਲਾਪ੍ਰਵਾਹੀ ਵਰਤਣ ‘ਤੇ ਜੰਡਿਆਲਾ ਗੁਰੂ ਦੇ ਡੀ. ਐੱਸ. ਪੀ. ਸੁਖਵਿੰਦਰ ਪਾਲ ਸਿੰਘ ਦੀ ਡਿਪਾਰਟਮੈਂਟਲ ਇਨਕੁਆਰੀ ਦੇ ਵੀ ਨਿਰਦੇਸ਼ ਦਿੱਤੇ। ਆਈ. ਜੀ. ਐੱਸ. ਪੀ. ਐੱਸ. ਪਰਮਾਰ ਪੀੜਤ ਪਰਿਵਾਰ ਨੂੰ ਮਿਲੇ। ਉਨ੍ਹਾਂ ਪਰਿਵਾਰ ਨੂੰ ਦੱਸਿਆ ਕਿ ਕੇਸ ਦੀ ਜਾਂਚ ਲਈ 5 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਤੇ ਜਲਦੀ ਹੀ ਐੱਸ. ਆਈ. ਸੰਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਪਰਿਵਾਰਕ ਮੈਂਬਰਾਂ ਨੇ ਸੰਦੀਪ ਕੌਰ ਨੂੰ ਡਿਸਮਿਸ ਕਰਨ ਦੀ ਵੀ ਮੰਗ ਕੀਤੀ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਨਾਂ ਸੁਸਾਈਡ ਨੋਟ ‘ਚ ਲਿਖੇ ਗਏ ਹਨ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।