Assam Kaziranga National Park: ਕੋਰੋਨਾ ਵਾਇਰਸ ਸੰਕਟ ਕਾਰਨ ਲੰਬੇ ਸਮੇਂ ਤੋਂ ਬੰਦ ਆਸਾਮ ਦਾ ਕਾਜ਼ੀਰੰਗਾ ਨੈਸ਼ਨਲ ਪਾਰਕ ਅੱਜ ਤੋਂ ਖੁੱਲ੍ਹ ਗਿਆ ਹੈ। ਇਸ ਨੂੰ ਆਮ ਲੋਕਾਂ ਲਈ ਕੁਝ ਸ਼ਰਤਾਂ ਨਾਲ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਦੀ ਮੌਜੂਦਗੀ ਵਿੱਚ ਕਾਜ਼ੀਰੰਗਾ ਨੈਸ਼ਨਲ ਪਾਰਕ ਖੋਲ੍ਹਿਆ ਗਿਆ ਹੈ। ਸ਼ੁਰੂ ਵਿੱਚ ਕੁਝ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ। ਹੁਣ ਸਿਰਫ ਜੀਪ ਸਫਾਰੀ ਰਾਹੀਂ ਹੀ ਯਾਤਰੀ ਸਫ਼ਰ ਕਰ ਸਕਣਗੇ। ਕਿਉਂਕਿ ਹੜ੍ਹ ਕਾਰਨ ਅੰਦਰ ਜਾਣ ਦਾ ਰਸਤਾ ਬਹੁਤ ਖਰਾਬ ਹੋ ਗਿਆ ਹੈ। ਅਜਿਹੇ ਵਿੱਚ ਇਸਨੂੰ ਹੌਲੀ-ਹੌਲੀ ਠੀਕ ਕੀਤਾ ਜਾਵੇਗਾ। ਨਾਲ ਹੀ, ਮੌਸਮ ਅਤੇ ਹੋਰ ਕਾਰਨਾਂ ਕਰਕੇ ਸ਼ੁਰੂ ਵਿੱਚ ਸਿਰਫ ਜੀਪ ਰਾਹੀਂ ਯਾਤਰਾ ਕਰਨ ਦੀ ਆਗਿਆ ਦਿੱਤੀ ਗਈ ਹੈ।
ਮੌਜੂਦਾ ਸਮੇਂ ਵਿੱਚ ਨੈਸ਼ਨਲ ਪਾਰਕ ਦੇ ਸਿਰਫ ਕੁਝ ਹੀ ਹਿੱਸਿਆਂ ਨੂੰ ਖੋਲ੍ਹਿਆ ਗਿਆ ਹੈ, ਜਦਕਿ ਹੋਰ ਸਹੂਲਤਾਂ 1 ਨਵੰਬਰ ਨੂੰ ਖੁੱਲ੍ਹਣਗੀਆਂ। ਨੈਸ਼ਨਲ ਪਾਰਕ ਵਿੱਚ ਹਾਥੀ ਦੀ ਸਵਾਰੀ ਇੱਕ ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ । ਮਿਲੀ ਜਾਣਕਾਰੀ ਅਨੁਸਾਰ ਕਾਜ਼ੀਰੰਗਾ ਪਾਰਕ ਵਿੱਚ ਪੰਜ ਹੋਰ ਟੂਰਿਸਟ ਸਥਾਨ ਸ਼ਾਮਿਲ ਕੀਤੇ ਜਾਣਗੇ। ਜਿਸ ਵਿੱਚ ਵਿਸ਼ਵਾਨਾਥ ਘਾਟ, ਪਾਨਪੁਰ ਖੇਤਰ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ 1 ਨਵੰਬਰ ਤੋਂ ਤਿੰਨ ਹੋਰ ਥਾਵਾਂ ਨੂੰ ਸ਼ਾਮਿਲ ਕਰ ਦਿੱਤਾ ਜਾਵੇਗਾ। ਦਰਅਸਲ, ਨੈਸ਼ਨਲ ਪਾਰਕ ਵਿੱਚ ਦਾਖਲ ਹੋਣ ਲਈ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦਾ ਪਾਲਣ ਹਰ ਇੱਕ ਨੂੰ ਕਰਨਾ ਪਵੇਗਾ।
ਦੱਸ ਦੇਈਏ ਕਿ ਨੈਸ਼ਨਲ ਪਾਰਕ ਸੱਤ ਮਹੀਨਿਆਂ ਬਾਅਦ ਖੁੱਲ੍ਹ ਰਿਹਾ ਹੈ, ਇਸ ਦੌਰਾਨ ਹੜ੍ਹਾਂ ਕਾਰਨ ਵੀ ਜਾਨਵਰਾਂ ਨੂੰ ਬਹੁਤ ਨੁਕਸਾਨ ਹੋਇਆ ਹੈ । ਜਾਣਕਾਰੀ ਅਨੁਸਾਰ ਹੜ੍ਹਾਂ ਕਾਰਨ ਤਕਰੀਬਨ 153 ਜਾਨਵਰਾਂ ਦੀ ਮੌਤ ਹੋ ਗਈ ਸੀ।