India reports 55838 new cases: ਦੇਸ਼ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਸੰਕ੍ਰਮਣ ਦੇ ਨਵੇਂ ਮਾਮਲਿਆਂ ਵਿੱਚ ਕਮੀ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇਸੇ ਵਿਚਾਲੇ ਭਾਰਤ ਵਿੱਚ ਕੋਰੋਨਾ ਵਾਇਰਸ ਤੋਂ ਠੀਕ ਹੋ ਰਹੇ ਲੋਕਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ । ਦੇਸ਼ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 77 ਲੱਖ ਨੂੰ ਪਾਰ ਕਰ ਗਈ ਹੈ । ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 55 ਹਜਾਰ 838 ਨਵੇਂ ਮਾਮਲੇ ਸਾਹਮਣੇ ਆਏ ਹਨ । ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 77 ਲੱਖ 06 ਹਜ਼ਾਰ 946 ਹੋ ਗਈ ਹੈ। ਉੱਥੇ ਹੀ ਇਸ ਦੌਰਾਨ 702 ਮਰੀਜ਼ਾਂ ਦੀ ਮੌਤ ਹੋ ਗਈ ਹੈ । ਜਿਸ ਤੋਂ ਬਾਅਦ ਦੇਸ਼ ਵਿੱਚ ਮ੍ਰਿਤਕਾਂ ਦਾ ਅੰਕੜਾ 1 ਲੱਖ 16 ਹਜ਼ਾਰ 616 ‘ਤੇ ਪਹੁੰਚ ਗਿਆ ਹੈ । ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ 68 ਲੱਖ 74 ਹਜ਼ਾਰ 518 ਮਰੀਜ਼ ਠੀਕ ਹੋ ਚੁੱਕੇ ਹਨ । ਉੱਥੇ ਹੀ, 7 ਲੱਖ 15 ਹਜ਼ਾਰ 812 ਮਰੀਜ਼ ਅਜੇ ਵੀ ਇਲਾਜ ਅਧੀਨ ਹਨ ।
ਸੰਕ੍ਰਮਣ ਦੇ ਐਕਟਿਵ ਕੇਸਾਂ ਦੀ ਸੰਖਿਆ ਦੀ ਤੁਲਨਾ ਵਿੱਚ ਰਿਕਵਰ ਹੋਏ ਲੋਕਾਂ ਦੀ ਗਿਣਤੀ ਅੱਠ ਗੁਣਾ ਵਧੇਰੇ ਹੈ। ਮਹਾਰਾਸ਼ਟਰ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਕੋਰੋਨਾ ਵਾਇਰਸ ਦੇ ਸਰਗਰਮ ਕੇਸਾਂ, ਮੌਤ ਦਰ ਅਤੇ ਰਿਕਵਰੀ ਰੇਟ ਦਾ ਪ੍ਰਤੀਸ਼ਤ ਸਭ ਤੋਂ ਵੱਧ ਹੈ। ICMR ਅਨੁਸਾਰ, 21 ਅਕਤੂਬਰ ਤੱਕ ਕੋਰੋਨਾ ਵਾਇਰਸ ਦੇ ਕੁੱਲ 9 ਕਰੋੜ 86 ਲੱਖ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ ਕੱਲ੍ਹ 14.69 ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ । ਦੇਸ਼ ਵਿੱਚ ਸਕਾਰਾਤਮਕਤਾ ਦਰ ਲਗਭਗ ਪੰਜ ਪ੍ਰਤੀਸ਼ਤ ਹੈ।
ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ, ਜਿੱਥੇ ਬੁੱਧਵਾਰ ਨੂੰ ਕੋਰੋਨਾ ਦੇ 8142 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਇੱਥੇ ਮਰੀਜ਼ਾਂ ਦੀ ਕੁੱਲ ਗਿਣਤੀ 16,17,658 ਹੋ ਗਈ ਹੈ ਅਤੇ 180 ਮਰੀਜ਼ਾਂ ਦੀ ਮੌਤ ਹੋ ਗਈ ਹੈ । ਹੁਣ ਤੱਕ 42 ਹਜ਼ਾਰ 633 ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ । ਉੱਥੇ ਹੀ ਦੂਜੇ ਪਾਸੇ ਮੰਗਲਵਾਰ ਨੂੰ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ 3686 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 47 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸਦੇ ਨਾਲ, ਸੰਕਰਮਿਤ ਦੀ ਕੁੱਲ ਸੰਖਿਆ 3,40,436 ‘ਤੇ ਪਹੁੰਚ ਗਈ ਹੈ।