Bihar Assembly Election 2020: ਬਿਹਾਰ ਵਿਧਾਨ ਸਭਾ ਚੋਣਾਂ 2020 ਲਈ BJP ਵੱਲੋਂ ਸੰਕਲਪ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਮੌਕੇ ਅਗਲੇ ਪੰਜ ਸਾਲਾਂ ਵਿੱਚ ‘ਸਵੈ-ਨਿਰਭਰ ਬਿਹਾਰ’ ਦਾ ਰੋਡ ਮੈਪ 2020-2025 ਜਾਰੀ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਇੱਕ ਵੱਡਾ ਵਾਅਦਾ ਕੀਤਾ । ਉਨ੍ਹਾਂ ਕਿਹਾ ਕਿ ਜਿਵੇਂ ਹੀ ਵੈਕਸੀਨ ਦਾ ਵੱਡੇ ਪੈਮਾਨੇ ‘ਤੇ ਉਤਪਾਦਨ ਸ਼ੁਰੂ ਹੋਵੇਗਾ, ਬਿਹਾਰ ਦੇ ਹਰ ਵਿਅਕਤੀ ਨੂੰ ਇਹ ਟੀਕਾ ਮੁਫਤ ਮਿਲੇਗਾ । ਸੀਤਾਰਮਨ ਨੇ ਕਿਹਾ, “ਇਹ ਸਾਡੇ ਚੋਣ ਮੈਨੀਫੈਸਟੋ ਦਾ ਪਹਿਲਾ ਵਾਅਦਾ ਹੈ । ਜਿਵੇਂ ਹੀ ਕੋਵਿਡ -19 ਟੀਕਾ ਵੱਡੇ ਪੱਧਰ ‘ਤੇ ਉਤਪਾਦਨ ਲਈ ਉਪਲਬਧ ਹੋਵੇਗਾ, ਬਿਹਾਰ ਦੇ ਹਰ ਵਿਅਕਤੀ ਦਾ ਮੁਫਤ ਟੀਕਾਕਰਣ ਕੀਤਾ ਜਾਵੇਗਾ।”
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਟਨਾ ਵਿੱਚ ਭਾਜਪਾ ਦਾ ਸੰਕਲਪ ਪੱਤਰ ਜਾਰੀ ਕੀਤਾ। ਇਸ ਵਿੱਚ ਅਗਲੇ ਪੰਜ ਸਾਲਾਂ ਦੌਰਾਨ ‘ਸਵੈ-ਨਿਰਭਰ ਬਿਹਾਰ’ ਲਈ 5 ਸੂਤਰ 1 ਟੀਚਾ 11 ਸੰਕਲਪ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਮੌਕੇ ਬਿਹਾਰ ਭਾਜਪਾ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਖੇਤੀਬਾੜੀ ਮੰਤਰੀ ਡਾ: ਪ੍ਰੇਮ ਕੁਮਾਰ, ਬਿਹਾਰ ਭਾਜਪਾ ਇੰਚਾਰਜ ਭੁਪੇਂਦਰ ਯਾਦਵ, ਬਿਹਾਰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਡਾ ਸੰਜੇ ਜੈਸਵਾਲ ਹਾਜ਼ਰ ਸਨ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬਿਹਾਰ ਦੇ ਲੋਕ ਰਾਜਨੀਤੀ ਅਤੇ ਕਹੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ । ਦੇਸ਼ ਵਿੱਚ ਇੱਕਮਾਤਰ ਰਾਜਨੀਤਿਕ ਪਾਰਟੀ ਹੈ ਜੋ ਇਹ ਕਰਦੀ ਹੈ। ਬਿਹਾਰ ਦੇ ਲੋਕਾਂ ਨੂੰ ਨਰਿੰਦਰ ਮੋਦੀ ਦੀ ਸਰਕਾਰ ‘ਤੇ ਪੂਰਾ ਭਰੋਸਾ ਹੈ । ਕੋਰੋਨਾ ਮਹਾਂਮਾਰੀ ਅਤੇ ਲਾਕਡਾਊਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਗਰੀਬਾਂ ਲਈ ਮੁਫਤ ਅਨਾਜ ਦੇਣ ਦਾ ਐਲਾਨ ਕੀਤਾ ਸੀ । ਪੂਰੇ ਦੇਸ਼ ਦੇ ਨਾਲ ਬਿਹਾਰ ਵਿੱਚ ਛਠ ਤਿਉਹਾਰ ਤੱਕ ਮੁਫ਼ਤ ਵਿੱਚ ਗਰੀਬਾਂ ਦੇ ਘਰ ਤੱਕ ਅਨਾਜ ਪਹੁੰਚਾਇਆ ਜਾ ਰਿਹਾ ਹੈ।
ਇਸ ਸਬੰਧੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਡਾ: ਸੰਜੇ ਜੈਸਵਾਲ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਸਾਡੀ ਯੋਜਨਾ ਨਾਲ 19 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ । ਇਸ ਤੋਂ ਇਲਾਵਾ ਬਿਹਾਰ ਦੀਆਂ ਇੱਕ ਕਰੋੜ ਹੋਰ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਇਆ ਜਾਵੇਗਾ । ਆਈਟੀ ਦੇ ਖੇਤਰ ਵਿੱਚ 5 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਬਿਹਾਰ ਵਿੱਚ ਹੁਣ ਤੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 28 ਲੱਖ ਘਰ ਬਣਾਏ ਜਾ ਚੁੱਕੇ ਹਨ ਤੇ ਅਗਲੇ ਪੰਜ ਸਾਲਾਂ ਵਿੱਚ ਬਿਹਾਰ ਵਿੱਚ 30 ਲੱਖ ਹੋਰ ਮਕਾਨ ਬਣਾਉਣ ਦਾ ਟੀਚਾ ਹੈ ।