Chandigarh Education Department : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 9ਵੀਂ ਤੋਂ 12ਵੀਂ ਤੱਕ ਦੇ ਸਰਕਾਰੀ ਸਕੂਲਾਂ ਨੂੰ ਖੋਲ੍ਹਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਪਰ ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਅਜੇ ਸਕੂਲ ਨਾ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀ ਟ੍ਰੇਨਿੰਗ ਸੈਸ਼ਨ ਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਸ਼ੁੱਕਰਵਾਰ 23 ਅਕਤੂਬਰ ਤੋਂ 12 ਨਵੰਬਰ ਤਕ ਰੋਜ਼ ਟੀਚਰਾਂ ਦੇ ਟ੍ਰੇਨਿੰਗ ਸੈਸ਼ਨ ਲੱਗਣਗੇ। ਦਿਨ ‘ਚ ਦੋ ਤੋਂ ਤਿੰਨ ਸੈਸ਼ਨ ਹੋਣਗੇ। ਇੱਕ ਟ੍ਰੇਨਿੰਗ 1 ਘੰਟੇ ਦਾ ਰਹੇਗਾ, ਜਿਸ ‘ਚ ਟੀਚਰਾਂ ਨੂੰ ਵਿਦਿਆਰਥੀਆਂ ਨੂੰ ਸੰਭਾਲਣ ਤੇ ਉਨ੍ਹਾਂ ਨੂੰ ਬੇਹਤਰ ਤਰੀਕੇ ਨਾਲ ਪੜ੍ਹਾਉਣ ਬਾਰੇ ‘ਚ ਸਿਖਲਾਈ ਕੀਤੀ ਜਾਵੇਗੀ।
ਕੇਂਦਰ ਸਰਕਾਰ ਵੱਲੋਂ 15 ਅਕਤੂਬਰ ਤੋਂ 10ਵੀਂ ਤੇ 12ਵੀਂ ਜਮਾਤ ਲਾਉਣ ਦੇ ਹੁਕਮ ਦਿੱਤੇ ਗਏ ਹਨ। ਕੋਰੋਨਾ ਦੀ ਸਥਿਤੀ ਨੂੰ ਦੇਖਦਿਆਂ ਚੰਡੀਗੜ੍ਹ ਸਿਖਿਆ ਵਿਭਾਗ ਨੇ ਫਿਲਹਾਲ ਇਨ੍ਹਾਂ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਚੰਡੀਗੜ੍ਹ ਸਿੱਖਿਆ ਵਿਭਾਗ 9ਵੀਂ ਤੇ 10ਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਇਹ ਟ੍ਰੇਨਿੰਗ ਸੈਸ਼ਨ ਲਗਾ ਰਿਹਾ ਹੈ। ਇਸ ਲਈ ਸ਼ੈਡਿਊਲ 22 ਅਕਤੂਬਰ ਸ਼ਾਮ ਨੂੰ ਹੀ ਜਾਰੀ ਹੋ ਗਿਆ ਸੀ। ਇਸ ਤਹਿਤ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਪਹਿਲਾਂ ਕੈਂਪ ਸ਼ੁਰੂ ਹੋ ਗਿਆ ਹੈ। ਸਿੱਖਿਆ ਵਿਭਾਗ ਦੇ ਆਦੇਸ਼ਾਂ ਤੋਂ ਬਾਅਦ ਸ਼ਹਿਰ ਦੇ 94 ਸਰਕਾਰੀ ਸਕੂਲਾਂ ਦੇ ਕਰੀਬ ਦੋ ਹਜ਼ਾਰ ਟੀਚਰਜ਼ ਟ੍ਰੇਨਿੰਗ ਸੈਸ਼ਨ ‘ਚ ਹਿੱਸਾ ਲੈਣਗੇ।
ਭਾਵੇਂ ਸੂਬੇ ‘ਚ ਕੋਰੋਨਾ ਦਾ ਕਹਿਰ ਘੱਟ ਗਿਆ ਹੈ ਪਰ ਫਿਰ ਵੀ ਸਾਨੂੰ ਅਹਿਤਿਆਤ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਅਸੀਂ ਕੋਰੋਨਾ ਨੂੰ ਹਲਕੇ ‘ਚ ਲੈਂਦੇ ਹਾਂ ਤਾਂ ਇਸ ਦਾ ਨਤੀਜਾ ਸਾਨੂੰ ਭੁਗਤਣਾ ਪੈ ਸਕਦਾ ਹੈ। ਅਜਿਹੇ ‘ਚ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਕੋਰੋਨਾ ਤੋਂ ਬਚਾਅ ਲਈ ਹਰ ਸੰਭਵ ਕੋਸ਼ਿਸ਼ ਕਰੇ ਤੇ ਸਕੂਲਾਂ ‘ਚ ਅਧਿਆਪਕਾਂ ਨੂੰ ਹੀ ਵਿਦਿਆਰਥੀਆਂ ਲਈ ਮਿਸਾਲ ਕਾਇਮ ਕਰਨੀ ਪਵੇਗੀ। ਜੇਕਰ ਅਧਿਆਪਕ ਕੋਰੋਨਾ ਨਿਯਮਾਂ ਦਾ ਪਾਲਣ ਕਰਨਗੇ ਤਾਂ ਹੀ ਵਿਦਿਆਰਥੀਆਂ ‘ਚ ਵੀ ਇਸ ਦਾ ਰੁਝਾਨ ਵਧੇਗਾ।