Congress MLA raised questions : ਪਠਾਨਕੋਟ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕ ਨੇ ਪੰਜਾਬ ਵਿੱਚ ਕੋਰੋਨਾ ਟੈਸਟਾਂ ਦੀਆਂ ਰਿਪੋਰਟਾਂ ਦੇ ਸਹੀ ਹੋਣ ’ਤੇ ਫਿਰ ਸਵਾਲ ਉਠਾਏ ਹਨ, ਜਿਥੇ ਉਨ੍ਹਾਂ ਦੀ ਸਰਕਾਰੀ ਹਸਪਤਾਲ ਵਿੱਚ ਪਾਜ਼ੀਟਿਵ ਆਈ ਰਿਪੋਰਟ ਪ੍ਰਾਈਵੈਟ ਲੈਬ ਤੋਂ ਨੈਗੇਟਿਵ ਆਈ। ਦੱਸਣਯੋਗ ਹੈ ਕਿ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਨੇ ਵਿਧਾਨਸਭਾ ਸੈਸ਼ਨ ਤੋਂ ਪਹਿਲਾਂ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਕੋਰੋਨਾ ਟੈਸਟ ਕਰਵਾਇਆ ਸੀ ਤਾਂ ਉਨ੍ਹਾਂ ਦੀ ਰਿਪੋਰਟ ਪੋਜ਼ੀਟਿਵ ਆਈ ਸੀ ਪਰ ਜਦੋਂ ਉਨ੍ਹਾਂ ਨੇ ਪ੍ਰਾਈਵੇਟ ਲੈਬ ਤੋਂ ਟੈਸਟ ਕਰਵਾਇਆ ਤਾਂ ਉਨ੍ਹਾਂ ਦੀ ਰਿਪੋਰਟ ਨੈੱਗੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਚਿੱਠੀ ਲਿਖਣਗੇ।
ਵਿਧਾਇਕ ਜੋਗਿੰਦਰ ਪਾਲ ਨੇ ਦੋਵਾਂ ਰਿਪੋਰਟਾਂ ਨੂੰ ਸਾਹਮਣਏ ਰਖ ਸਿਵਲ ਹਸਪਤਾਲ ਪਠਾਨਕੋਟ ‘ਤੇ ਕੋਰੋਨਾ ਟੈਸਟ ਵਿੱਚ ਕੁਝ ਗੜਬੜੀ ਹੋਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਟੈਸਟਾਂ ਦੇ ਮਾਮਲਿਆਂ ਵਿੱਚ ਹਸਪਤਾਲ ’ਚ ਲਾਪਰਵਾਹੀ ਵਰਤੀ ਜਾ ਰਹੀ ਹੈ। ਹਸਪਤਾਲ ਵਿੱਚ ਸਹੀ ਤਰ੍ਹਾਂ ਨਾਲ ਟੈਸਟ ਨਹੀਂ ਕੀਤੇ ਜਾ ਰਹੇ ਹਨ। ਇਸ ਸੰਬੰਧੀ ਜਦੋਂ ਸਿਵਲ ਸਰਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਤੋਂ ਕੋਰੋਨਾ ਟੈਸਟ ਦੀ ਆਈ ਰਿਪੋਰਟ ਬਿਲਕੁਲ ਸਹੀ ਸੀ। ਪ੍ਰਾਈਵੇਟ ਲੈਬ ਵਿੱਚ ਕੋਰੋਨਾ ਟੈਸਟ ਕਰਵਾਉਣ ਦੌਰਾਨ ਵਾਇਰਸ ਦਾ ਲੋਡ ਘੱਟ ਹੋਣ ਦੇ ਚੱਲਦਿਆਂ ਰਿਪੋਰਟ ਨੈਗੇਟਿਵ ਆ ਸਕਦੀ ਹੈ।
ਦੱਸਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਕੋਰੋਨਾ ਟੈਸਟ ਦੀਆਂ ਫਰਜ਼ੀ ਰਿਪੋਰਟਾਂ ਦੇ ਕਈ ਮਾਮਲੇ ਸਾਹਮਣੇ ਆਏ ਸਨ, ਜਿਸ ਵਿੱਚ ਪੈਸਾ ਕਮਾਉਣ ਦੇ ਚੱਕਰ ਵਿੱਚ ਨਿੱਜੀ ਲੈਬਾਂ ਵੱਲੋਂ ਕੋਰੋਨਾ ਰਿਪੋਰਟ ਪਾਜ਼ੀਟਿਵ ਦੱਸੀ ਜਾਂਦੀ ਸੀ। ਇਸ ਸੰਬੰਧੀ ਅੰਮ੍ਰਿਤਸਰ ਵਿੱਚ ਇੱਕ ਤੁਲੀ ਲੈਬ ਤੇ ਈਐਮਸੀ ਹਸਪਤਾਲ ਦੇ ਤਿੰਨ ਡਾਕਟਰਾਂ ‘ਤੇ ਮਾਮਲਾ ਵੀ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੰਜਾਬ ਵਿੱਚ ਹੋਰ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚ ਨਿੱਜੀ ਲੈਬਾਂ ਫਰਜ਼ੀ ਰਿਪੋਰਟਾਂ ਦੇ ਕੇ ਲੋਕਾਂ ਕੋਲੋਂ ਪੈਸੇ ਠੱਗ ਰਹੀਆਂ ਸਨ।