Bharat Biotech aims to launch: ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਵੈਕਸੀਨ ਵਿਕਸਤ ਕਰਨ ਲਈ ਵਿਸ਼ਵ ਭਰ ਵਿੱਚ ਖੋਜ ਕੀਤੀ ਜਾ ਰਹੀ ਹੈ । ਇਸ ਦੌਰਾਨ ਭਾਰਤੀ ਕੰਪਨੀ ਭਾਰਤ ਬਾਇਓਟੈਕ ਸਵਦੇਸ਼ੀ ਕੋਰੋਨਾ ਵਾਇਰਸ ਵੈਕਸੀਨ ‘ਕੋਵੈਕਸਿਨ’ ‘ਤੇ ਕੰਮ ਕਰ ਰਹੀ ਹੈ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਕੰਪਨੀ ਨੂੰ ਇਸ ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਇਹ ਸਵਦੇਸ਼ੀ ਵੈਕਸੀਨ ਅਗਲੇ ਸਾਲ ਯਾਨੀ ਜੂਨ 2021 ਤੱਕ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।
ਹੈਦਰਾਬਾਦ ਸਥਿਤ ਕੰਪਨੀ ਨੇ 2 ਅਕਤੂਬਰ ਨੂੰ ਡੀਸੀਜੀਆਈ ਨੂੰ ਦਰਖਾਸਤ ਦੇ ਕੇ ਆਪਣੇ ਟੀਕੇ ਦੇ ਤੀਜੇ ਪੜਾਅ ਦੇ ਲਈ ਪ੍ਰੀਖਣ ਦੀ ਆਗਿਆ ਮੰਗੀ ਸੀ। ਕੰਪਨੀ ਨੇ ਇਹ ਯੋਜਨਾ ਵਿੱਚ 12 ਤੋਂ 14 ਰਾਜਾਂ ਦੇ 20,000 ਤੋਂ ਵੱਧ ਲੋਕਾਂ ਨੂੰ ਇਸ ਟ੍ਰਾਇਲ ਵਿੱਚ ਸ਼ਾਮਿਲ ਕਰਨ ਦੀ ਯੋਜਨਾ ਬਣਾਈ ਹੈ। ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਦੇ ਕਾਰਜਕਾਰੀ ਨਿਰਦੇਸ਼ਕ ਸਾਈ ਪ੍ਰਸਾਦ ਨੇ ਦੱਸਿਆ ਕਿ ਜੇ ਕੰਪਨੀ ਨੂੰ ਸਮੇਂ ਸਿਰ ਸਾਰੀਆਂ ਇਜਾਜ਼ਤ ਮਿਲ ਜਾਂਦੀਆਂ ਹਨ, ਤਾਂ ਸੰਭਾਵਨਾ ਹੈ ਕਿ ਅਸੀਂ 2021 ਦੀ ਦੂਜੀ ਤਿਮਾਹੀ ਤੱਕ ਟੀਕੇ ਦੇ ਤੀਜੇ ਕਲੀਨਿਕਲ ਟ੍ਰਾਇਲ ਦੇ ਸਾਰੇ ਸੰਭਾਵਿਤ ਅਤੇ ਨਤੀਜਿਆਂ ਤੋਂ ਜਾਣੂ ਜੋ ਜਾਵਾਂਗੇ।
ਦੱਸ ਦੇਈਏ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰਲੌਜੀ ਦੇ ਸਹਿਯੋਗ ਨਾਲ ਵਿਕਸਤ ਕੋਵੋਕਸਿਨ, ਇੱਕ ਅਜਿਹਾ ਟੀਕਾ ਹੈ, ਜਿਸ ਵਿੱਚ ਸ਼ਕਤੀਸ਼ਾਲੀ ਇਮਿਊਨ ਸਿਸਟਮ ਵਿਕਸਤ ਕਰਨ ਲਈ ਕੋਵਿਡ-19 ਵਾਇਰਸ ਦੇ ‘ਮਾਰੇ ਗਏ ਵਿਸ਼ਾਣੂਆਂ’ ਨੂੰ ਸਰੀਰ ਵਿੱਚ ਇੰਜੈਕਟ ਕੀਤਾ ਜਾਂਦਾ ਹੈ। ਉੱਥੇ ਹੀ ਭਾਰਤ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਵੀ ਕੋਰੋਨਾ ਵਾਇਰਸ ਦੀ ਵੈਕਸੀਨ ਕੋਵੀਸ਼ਿਲਡ ਬਣਾ ਰਿਹਾ ਹੈ। ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਾ ਕੰਮ ਭਾਰਤ ਬਾਇਓਟੈਕ ਤੋਂ ਅੱਗੇ ਚੱਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸੀਰਮ ਇੰਸਟੀਚਿਊਟ ਨੇ ਤੀਜੇ ਪੜਾਅ ਦੇ ਟ੍ਰਾਇਲ ਲਈ ਲੋਕਾਂ ਦੀ ਚੋਣ ਵੀ ਸ਼ੁਰੂ ਕਰ ਦਿੱਤੀ ਹੈ ।