School closed due : ਪੰਜਾਬ ਸਰਕਾਰ ਵੱਲੋਂ 19 ਅਕਤੂਬਰ ਤੋਂ 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ ਜਾ ਕੇ ਪੜ੍ਹਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ ਤੇ ਨਾਲ ਹੀ ਸੂਬਾ ਸਰਕਾਰ ਨੇ ਮਾਪਿਆਂ ਦੀ ਮਨਜ਼ੂਰੀ ਵੀ ਬੱਚਿਆਂ ਲਈ ਲਾਜ਼ਮੀ ਕਹੀ ਸੀ । ਅਜੇ ਸਕੂਲ ਖੁੱਲ੍ਹਿਆ 5 ਦਿਨ ਹੀ ਹੋਏ ਸਨ ਕਿ ਫਤਿਹਗੜ੍ਹ ਸਾਹਿਬ ਵਿਖੇ ਅਮਲੋਹ ‘ਚ ਇੱਕ ਸਰਕਾਰੀ ਸਕੂਲ ਨੂੰ ਬੰਦ ਕਰਨਾ ਪਿਆ। ਇਸ ਦਾ ਕਾਰਨ ਉਥੋਂ ਦੀ ਇੱਕ ਅਧਿਆਪਕਾ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ, ਜਿਸ ਕਾਰਨ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਸਕੂਲ ਨੂੰ ਬੰਦ ਕਰ ਦਿੱਤਾ ਗਿਆ।
ਅਧਿਆਪਕ ਦੇ ਕੋਰੋਨਾ ਪਾਜੀਟਿਵ ਆਉਣ ਨਾਲ ਮਾਪਿਆਂ ਦੇ ਮਨ ‘ਚ ਕੋਰੋਨਾ ਨੂੰ ਲੈ ਕੇ ਡਰ ਹੋਰ ਵੀ ਜ਼ਿਆਦਾ ਵੱਧ ਗਿਆ ਹੈ। ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੂਲਾਂ ‘ਚ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ ਜਿਸ ਤਹਿਤ ਇਥੇ ਅਧਿਆਪਕਾ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ। ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਅਧਿਆਪਕ ਨੂੰ ਤੁਰੰਤ ਹੀ ਕੁਆਰੰਟਾਈਨ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ 50 ਹੋਰ ਵਿਦਿਆਰਥੀਆਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਹਨ ਤੇ ਉਦੋਂ ਤੱਕ ਉਨ੍ਹਾਂ ਨੂੰ ਘਰ ‘ਚ ਹੀ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸੂਬਾ ਸਰਕਾਰ ਵੱਲੋਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਸਨ ਕਿ ਵਿਦਿਆਰਥੀ ਬਿਨਾਂ ਮਾਤਾ-ਪਿਤਾ ਦੀ ਇਜਾਜ਼ਤ ਦੇ ਸਕੂਲ ‘ਚ ਪੜ੍ਹਨ ਨਹੀਂ ਜਾ ਸਕਣਗੇ, ਸਕੂਲ ਅੰਦਰ ਸੋਸ਼ਲ ਡਿਸਟੈਂਸਿੰਗ ਦਾ ਪੂਰੀ ਤਰ੍ਹਾਂ ਤੋਂ ਪਾਲਣ ਕੀਤਾ ਜਾਵੇਗਾ, ਚੰਗੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਵੇਗਾ ਤੇ ਨਾਲ ਹੀ ਬੱਚਿਆਂ ਦੇ ਬੈਠਣ ਦੇ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਇਹ ਸਾਰਾ ਕੁਝ ਹੋਣ ਤੋਂ ਬਾਅਦ ਹੀ ਸਕੂਲਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੋਵੇਗੀ।