Straw burning is : ਮੋਗਾ : ਭਾਵੇਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀਆਂ ਵਾਰ-ਵਾਰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਬਹੁਤ ਸਾਰੇ ਕਿਸਾਨ ਅਜਿਹੇ ਹਨ ਜੋ ਪਰਾਲੀ ਸਾੜਨ ਤੋਂ ਬਾਜ਼ ਨਹੀਂ ਆ ਰਹੇ ਤੇ ਇਸ ਨਾਲ ਪੰਜਾਬ ਦਾ ਵਾਤਾਵਰਣ ਬਹੁਤ ਹੀ ਦੂਸ਼ਿਤ ਹੁੰਦਾ ਜਾ ਰਿਹਾ ਹੈ। ਹੁਣ ਤਾਂ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਸਾਹ ਲੈਣ ‘ਚ ਵੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦਿਨਾਂ ਤੋਂ ਪੂਰੇ ਪੰਜਾਬ ‘ਚ ਪਰਾਲੀ ਦੇ ਧੂੰਏਂ ਕਾਰਨ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਗਿਆ ਹੈ। ਜਿਲ੍ਹਾ ਮੋਗਾ ਵਿਖੇ ਪ੍ਰਦੂਸ਼ਣ ਦਾ ਪੱਧਰ AQI 365 ਤੱਕ ਪੁੱਜ ਚੁੱਕਾ ਹੈ ਜੋ ਕਿ ਖਤਰੇ ਦੀ ਘੰਟੀ ਹੈ। ਇਹ ਹੀ ਨਹੀਂ ਮੋਗੇ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਖੇਤਰਾਂ ‘ਚ ਪ੍ਰਦੂਸ਼ਣ ਦਾ ਪੱਧਰ ਬਹੁਤ ਹੀ ਖਰਾਬ ਹੋ ਚੁੱਕਾ ਹੈ।
ਇੱਕ ਪਾਸੇ ਤਾਂ ਪੂਰੇ ਵਿਸ਼ਵ ‘ਚ ਕੋਰੋਨਾ ਵਰਗੀ ਮਹਾਮਾਰੀ ਫੈਲੀ ਹੋਈ ਹੈ ਤੇ ਪੰਜਾਬ ‘ਚ ਵੀ ਬਹੁਤ ਸਾਰੇ ਲੋਕ ਇਸ ਦੀ ਮਾਰ ਹੇਠ ਆ ਚੁੱਕੇ ਹਨ। ਪਰਾਲੀ ਦੇ ਧੂੰਏਂ ਨਾਲ ਕੋਰੋਨਾ ਮਰੀਜ਼ਾਂ ਦੀ ਜਾਨ ਨੂੰ ਵੀ ਬਹੁਤ ਖਤਰਾ ਹੈ। ਕੋਰੋਨਾ ਵਾਇਰਸ ਦਾ ਅਸਰ ਸਿੱਧਾ ਫੇਫੜਿਆਂ ‘ਤੇ ਹੁੰਦਾ ਹੈ ਤੇ ਇਸੇ ਤਰ੍ਹਾਂ ਪਰਾਲੀ ਸਾੜਨ ਨਾਲ ਵੀ ਸਾਹ ਦੀ ਬੀਮਾਰੀ ਵੱਧ ਰਹੀ ਹੈ ਤੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਵੱਲੋਂ ਵਾਰ-ਵਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾਂਦੀ ਰਹੀ ਹੈ ਪਰ ਇੰਝ ਲੱਗਦਾ ਹੈ ਕਿ ਉਨ੍ਹਾਂ ਦੇ ਸਿਰ ‘ਤੇ ਜੂੰ ਨਹੀਂ ਸਰਕਦੀ ਤੇ ਪੰਜਾਬ ਦੇ ਹਾਲਾਤ ਜਿਉਂ ਦੇ ਤਿਉਂ ਹੀ ਹਨ।
ਪਰਾਲੀ ਸਾੜਨ ਨਾਲ ਕੋਰੋਨਾ ਮਹਾਮਾਰੀ ਦੇ ਵਧਣ ਦੀ ਸੰਭਾਵਨਾ ਵੀ ਵੱਧ ਹੈ ਪਰ ਇੰਝ ਲੱਗਦਾ ਹੈ ਕਿ ਪੰਜਾਬ ਦੇ ਕਈ ਕਿਸਾਨ ਇਨ੍ਹਾਂ ਗੱਲਾਂ ਤੋਂ ਬਿਲਕੁਲ ਅਨਜਾਣ ਹਨ ਤੇ ਆਏ ਦਿਨ ਲੋਕਾਂ ਦੀਆਂ ਜਾਨਾਂ ਨੂੰ ਖਤਰੇ ‘ਚ ਪਾ ਕੇ ਪਰਾਲੀ ਸਾੜਨ ਦਾ ਕੰਮ ਕਰ ਰਹੇ ਹਨ, ਜਿਸ ਨਾਲ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ‘ਚ ਪ੍ਰਦੂਸ਼ਣ ਦਾ ਪੱਧਰ ਬਹੁਤ ਹੀ ਖਰਾਬ ਹੁੰਦਾ ਦਿਸ ਰਿਹਾ ਹੈ। ਜੇਕਰ ਇਸ ‘ਤੇ ਜਲਦੀ ਕਾਬੂ ਨਾ ਕੀਤਾ ਗਿਆ ਤਾਂ ਪੰਜਾਬ ‘ਚ ਪ੍ਰਦੂਸ਼ਣ ਦਾ ਲੈਵਲ ਹੋਰ ਵੀ ਵੱਧ ਸਕਦਾ ਹੈ ਪੰਜਾਬ ਲਈ ਬਹੁਤ ਹੀ ਖਤਰਨਾਕ ਸਾਬਤ ਹੋ ਸਕਦਾ ਹੈ।