Kapurthala railway coach : ਕਪੂਰਥਲਾ : ਜਦੋਂ ਕਦੇ ਟ੍ਰੇਨ ਦਾ ਸਫਰ ਕਰਨਾ ਹੋਵੇ ਤਾਂ ਮੁਸਾਫਰਾਂ ਨੂੰ ਆਮ ਤੌਰ ‘ਤੇ ਸੀਟ ਉਪਲਬਧ ਨਾ ਹੋਣ ਕਰਕੇ ਵੇਟਿੰਗ ਲਿਸਟ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਪਰ ਹੁਣ ਰੇਲਵੇ ਨੇ ਮੁਸਾਫਰਾਂ ਦੀ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ। ਹੁਣ ਰੇਲਗੱਡੀ ਦੇ ਥਰਡ ਏਸੀ ਬੋਗੀ ‘ਚ 72 ਦੀ ਜਗ੍ਹਾ 83 ਸੀਟਾਂ ਹੋਣਗੀਆਂ ਜਿਸ ਨਾਲ ਲੋਕਾਂ ਨੂੰ ਵੇਟਿੰਗ ਤੋਂ ਛੁਟਕਾਰਾ ਮਿਲ ਜਾਵੇਗਾ ਤੇ ਨਾਲ ਹੀ ਰੇਲਵੇ ਦੀ ਆਮਦਨ ‘ਚ ਵੀ ਵਾਧਾ ਹੋਵੇਗਾ। ਇਸ ਲਈ ਰੇਲਵੇ ਨੇ ਨਵੇਂ ਡਿਜ਼ਾਈਨ ਦੇ ਕੋਚ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਨਵੇਂ ਕੋਚ ਦੇ ਡਿਜ਼ਾਈਨ ‘ਚ ਹਰੇਕ ਟ੍ਰੇਨ ‘ਚ 220 ਯਾਤਰੀ ਵੱਧ ਸਫਰ ਕਰ ਸਕਣਗੇ। ਡੱਬਿਆਂ ਦੇ ਆਕਾਰ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਸਗੋਂ ਸੀਟਾਂ ਦੀ ਗਿਣਤੀ ਨੂੰ ਵਧਾਇਆ ਗਿਆ ਹੈ।
ਰੇਲ ਮੰਤਰਾਲੇ ਦੇ ਹੁਕਮ ‘ਤੇ ਪੰਜਾਬ ਦੇ ਕਪੂਰਥਲਾ ਰੇਲ ਕੋਚ ਫੈਕਟਰੀ ‘ਚ 83 ਸੀਟਾਂ ਵਾਲਾ ਡੱਬਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਡੱਬਾ ਬਣਨ ਤੋਂ ਬਾਅਦ ਇਸ ਨੂੰ ਪ੍ਰਵਾਨਗੀ ਲਈ ਲਖਨਊ ਸਥਿਤ ਖੋਜ ਅਭਿਕਲਪ ਅਤੇ ਮਾਨਕ ਸੰਗਠਨ (ਆਰ. ਡੀ. ਓ. ਐੱਸ. ਓ.) ਨੂੰ ਭੇਜਿਆ ਜਾਵੇਗਾ। ਪ੍ਰਵਾਨਗੀ ਮਿਲਦੇ ਹੀ ਕੋਚ ਬਣਾਉਣ ਦੀ ਰਫਤਾਰ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ। 83 ਸੀਟਾਂ ਦਾ ਕੋਚ ਬਣਾਉਣ ਲਈ ਕੈਬਿਨ ਨੂੰ ਪਹਿਲਾਂ ਦੀ ਬਜਾਏ ਥੋੜ੍ਹਾ ਛੋਟਾ ਕੀਤਾ ਜਾ ਰਿਹਾ ਹੈ।
ਹਰੇਕ ਡੱਬੇ ‘ਚ 11 ਸੀਟਾਂ ਦਾ ਵਾਧਾ ਹੋ ਰਿਹਾ ਹੈ। ਮਤਲਬ 20 ਡੱਬਿਆਂ ਦੀ ਟ੍ਰੇਨ ‘ਚ 220 ਸੀਟਾਂ ਵਧ ਹੋਣਗੀਆਂ। ਮੌਜੂਦਾ ਸਮੇਂ ‘ਚ ਇਹ 220 ਲੋਕਾਂ ਨੂੰ ਵੇਟਿੰਗ ਲਿਸਟ ਜਾਰੀ ਕੀਤੀ ਜਾਂਦੀ ਹੈ ਪਰ ਨਵੇਂ ਡਿਜ਼ਾਈਨ ਕਾਰਨ ਹੁਣ ਵੇਟਿੰਗ ਟਿਕਟ ਦਾ ਝੰਜਟ ਹੀ ਖਤਮ ਹੋ ਜਾਵੇਗਾ। ਦੇਸ਼ ਭਰ ‘ਚ ਲਗਭਗ 1900 ਮੇਲ ਤੇ ਐਕਸਪ੍ਰੈਸ ਟ੍ਰੇਨਾਂ ਪਟੜੀ ‘ਤੇ ਦੌੜ ਰਹੀਆਂ ਹਨ ਜਿਨ੍ਹਾਂ ਦੀ ਦੋ ਪੜਾਵਾਂ ‘ਚ ਰਫਤਾਰ ਵਧਾਉਣ ਦੀ ਯੋਜਨਾ ਹੈ। ਪਹਿਲਾਂ 2023 ਤੱਕ ਤੇ ਫਿਰ 2025 ਤੱਕ ਟ੍ਰੇਨਾਂ ਦੀ ਰਫਤਾਰ ਵਧਾਈ ਜਾਵੇਗੀ। ਇਨ੍ਹਾਂ ਹਾਈਸਪੀਡ ਟ੍ਰੇਨਾਂ ‘ਚ ਸਲੀਪਰ ਕੋਚ ਦੀ ਡਿਮਾਂਡ ਘੱਟ ਹੋ ਜਾਵੇਗੀ ਕਿਉਂਕਿ ਇਨ੍ਹਾਂ ਟ੍ਰੇਨਾਂ ‘ਚ ਏ. ਸੀ. ਕਲਾਸ ਦੇ ਹੀ ਡੱਬੇ ਲਗਾਏ ਜਾਣਗੇ। ਇਸ ਦੇ ਪਿੱਛੇ ਤਰਕ ਇਹ ਹੈ ਕਿ ਸਲੀਪਰ ਕਲਾਸ ‘ਚ ਖਿੜਕੀ ਖੋਲ੍ਹ ਦਿੱਤੀ ਜਾਂਦੀ ਹੈ ਜਿਸ ਨਾਲ ਟ੍ਰੇਨ ਦੀ ਰਫਤਾਰ ‘ਤੇ ਅਸਰ ਪੈਂਦਾ ਹੈ।