Chandigarh Youth Initiative: : ਚੰਡੀਗੜ੍ਹ : ਦੀਵਾਲੀ ਜਿਸ ਨੂੰ ਰੌਸ਼ਨੀ ਦਾ ਤਿਓਹਾਰ ਕਿਹਾ ਜਾਂਦਾ ਹੈ, ਇਸ ਦਿਨ ਅਸੀਂ ਸਾਰੇ ਦੀਵੇ ਜਗਾ ਕੇ ਸਾਰੇ ਪਾਸੇ ਦੀਪਮਾਲਾ ਕਰਦੇ ਹਾਂ ਤੇ ਪੂਰੇ ਘਰ ‘ਚ ਰੌਸ਼ਨੀ ਕਰਦੇ ਹਾਂ। ਕਈ ਥਾਵਾਂ ‘ਤੇ ਸਜਾਉਣ ਲਈ ਵੀ ਦੀਵਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਦੀਵਾਲੀ ਤੋਂ ਅਗਲੇ ਦਿਨ ਅਸੀਂ ਇਨ੍ਹਾਂ ਇਸਤੇਮਾਲ ਕੀਤੀਆਂ ਗਈਆਂ ਦੀਵਿਆਂ ਨੂੰ ਸੁੱਟ ਦਿੰਦੇ ਹਾਂ ਪਰ ਇਨ੍ਹਾਂ ਦੀਵਿਆਂ ਦੀ ਸਹੀ ਵਰਤੋਂ ਕਰਕੇ ਇਸ ਨੂੰ ਖੂਬਸੂਰਤ ਰੂਪ ਦਿੱਤਾ ਜਾ ਸਕਦਾ ਹੈ। ਅਜਿਹੀ ਹੀ ਇੱਕ ਅਨੋਖੀ ਪਹਿਲ ਚੰਡੀਗੜ੍ਹ ਵਿਖੇ ਨੌਜਵਾਨਾਂ ਵੱਲੋਂ ਕੀਤੀ ਗਈ ਹੈ।
ਚੰਡੀਗੜ੍ਹ ਦੇ 20 ਨੌਜਵਾਨਾਂ ਨੇ ਪਿਛਲੀ ਦੀਵਾਲੀ ‘ਤੇ ਵਰਤੋਂ ‘ਚ ਲਿਆਂਦੇ ਗਏ ਲਗਭਗ 30000 ਦੀਵਿਆਂ ਨੂੰ ਇਕੱਠਾ ਕੀਤ। ਧੋਤਾ ਤੇ ਸੇਗ੍ਰੀਗੇਟ ਕੀਤਾ। ਗਰੁੱਪ ਦੇ ਇੱਕ ਮੈਂਬਰ ਰੋਹਿਤ ਨੇ ਦੱਸਿਆ ਕਿ 30 ਹਜ਼ਾਰ ‘ਚੋਂ 20,000 ਦੀਵਿਆਂ ਨੂੰ ਰੀਸਾਈਕਲ ਕੀਤਾ ਗਿਆ। ਹੁਣ ਇਨ੍ਹਾਂ ਰੀਸਾਈਕਲ ਕੀਤੇ ਗਏ ਦੀਵਿਆਂ ਨੂੰ ਦੁਬਾਰਾ ਮਾਰਕੀਟ ‘ਚ ਵੇਚਿਆ ਜਾਵੇਗਾ ਤਾਂ ਜੋ ਇਸ ਤੋਂ ਹੋਣ ਵਾਲੀ 40 ਫੀਸਦੀ ਕਮਾਈ ਨਾਲ ਅਜਿਹੇ ਨੌਜਵਾਨਾਂ ਦੀ ਮਦਦ ਕੀਤੀ ਜੋ ਕੋਰੋਨਾ ਕਾਲ ‘ਚ ਆਪਣੀ ਨੌਕਰੀ ਗੁਆ ਬੈਠੇ ਹਨ। ਇਸ ਤੋਂ ਇਲਾਵਾ 60 ਫੀਸਦੀ ਕਮਾਈ ਨਾਲ ਲਾਇਬ੍ਰੇਰੀ ਬਣਾਈ ਜਾਵੇਗੀ ਜਿਸ ਨਾਲ ਜਿਹੜੇ ਬੱਚੇ ਸਿਵਲ ਸਰਵਿਸ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਉਥੇ ਕਿਤਾਬਾਂ ਮੁਹੱਈਆ ਕਰਵਾਈਆਂ ਜਾ ਸਕਣ।
ਗਰੁੱਪ ਦੀ ਇੱਕ ਹੋਰ ਮੈਂਬਰ ਜਸ਼ਨਦੀਪ ਨੇ ਦੱਸਿਆ ਕਿ ਉਹ ਪਿੰਡ ਤੋਂ ਦੀਵਿਆਂ ‘ਤੇ ਰੰਗ ਕਰਨ ਲਈ ਲਿਆਉਂਦੀ ਹੈ ਤੇ ਰੋਜ਼ਾਨਾ 4 ਤੋਂ 5 ਘੰਟੇ ਇਸਤੇਮਾਲ ਕੀਤੇ ਜਾ ਚੁੱਕੇ ਦੀਵਿਆਂ ਨੂੰ ਨਵਾਂ ਰੂਪ ਦੇਣ ‘ਚ ਲਗਾਉਂਦੇ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਨ੍ਹਾਂ ਕੰਮਾਂ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਵੇਸਟ ਨੂੰ ਰੀਸਾਈਕਲ ਕੀਤਾ ਜਾ ਸਕੇ ਤੇ ਵਾਤਾਵਰਣ ਨੂੰ ਵੀ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਨੌਜਵਾਨਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਇਨ੍ਹਾਂ ਦੇ ਦੀਵਿਆਂ ਨੂੰ ਖਰੀਦਣ ਲਈ ਅੱਗੇ ਆ ਰਹੀਆਂ ਹਨ। ਇੱਥੋਂ ਤੱਕ ਕਿ ਵੱਡੇ ਵੱਡੇ ਮਾਲ ਇਨ੍ਹਾਂ ਨੌਜਵਾਨਾਂ ਨੂੰ ਫ੍ਰੀ ‘ਚ ਥਾਂ ਵੀ ਅਲਾਟ ਕਰ ਰਹੇ ਹਨ।