Firing by unidentified : ਚੰਡੀਗੜ੍ਹ ਵਿਖੇ ਕ੍ਰਾਈਮ ਦੀਆਂ ਘਟਨਾਵਾਂ ਆਏ ਦਿਨ ਵੱਧ ਰਹੀਆਂ ਹਨ, ਜਿਸ ਤੋਂ ਜਾਪਦਾ ਹੈ ਕਿ ਮੁਲਜ਼ਮਾਂ ਦੇ ਮਨ ‘ਚ ਕਾਨੂੰਨ ਦਾ ਖੌਫ ਖਤਮ ਹੁੰਦਾ ਜਾ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ-22 ਵਿਖੇ ਅੱਜ ਉਸ ਸਮੇਂ ਦਹਿਸ਼ਤ ਪੈਦਾ ਹੋ ਗਈ ਜਦੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਾਈਰਿੰਗ ਕੀਤੀ ਗਈ ਜਿਸ ‘ਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਅਮਰੀਕ ਸਿੰਘ ਜੋ ਕਿ ਸੈਕਟਰ-22 ਦਾ ਵਸਨੀਕ ਦੱਸਿਆ ਜਾ ਰਿਹਾ ਹੈ, ‘ਤੇ ਦਿਨ-ਦਿਹਾੜੇ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਉਹ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਉੁਕਤ ਵਿਅਕਤੀ ਪੰਜਾਬ ਫੂਡ ਐਂਡ ਸਿਵਲ ਸਪਲਾਈਜ਼ ਵਿਭਾਗ ਦਾ ਮੁਲਾਜ਼ਮ ਹੈ। ਅਮਰੀਕ ਸਿੰਘ ‘ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਇਆ ਹੋਇਆ ਸੀ।
ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਗੁਰਦੁਆਰੇ ਮੱਥਾ ਟੇਕ ਕੇ ਬਾਹਰ ਨਿਕਲਿਆ ਦੋ ਬਾਈਕ ਸਵਾਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਉਸ ਦੇ ਪੈਰ ‘ਚ ਲੱਗੀ ਤੇ ਹਮਲਾਵਰਾਂ ਦਾ ਦੂਜਾ ਨਿਸ਼ਾਨਾ ਚੂਕ ਗਿਆ ਜਿਸ ‘ਤੇ ਅਮਰੀਕ ਸਿੰਘ ਨੇ ਰੌਲਾ ਪਾ ਦਿੱਤਾ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹਮਲਾਵਰਾਂ ਨੇ ਮਾਸਕ ਤੇ ਟੋਪੀਆਂ ਪਾਈਆਂ ਹੋਈਆਂ ਸਨ। ਅਮਰੀਕ ਸਿੰਘ ਨੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਹੁਣ ਠੀਕ ਹੈ ਤੇ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਹਮਲੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਜਦੋਂ ਸਾਰੀ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਮੌਕੇ ‘ਤੇ ਪੁੱਜੀ। ਮੌਕੇ ਤੋਂ ਪੁਲਿਸ ਨੂੰ ਇੱਕ ਕਾਰਤੂਸ ਦਾ ਖੋਲ ਬਰਾਮਦ ਹੋਇਆ ਤੇ ਨਾਲ ਹੀ ਪੁਲਿਸ ਵੱਲੋਂ CCTV ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਗੋਲੀ 32 ਬੋਰ ਦੀ ਪਿਸੌਤਲ ਤੋਂ ਚਲਾਈ ਗਈ ਹੈ। ਚੰਡੀਗੜ੍ਹ ਪੁਲਿਸ ਵੱਲੋਂ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ ਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।