In Mohali some : ਮੋਹਾਲੀ ਦੇ ਫੇਜ਼ ਬੀ-2 ਦੇ ਬਾਜ਼ਾਰ ‘ਚ ਸ਼ਨੀਵਾਰ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਤਿੰਨ ਨੌਜਵਾਨਾਂ ਨੇ ਪਹਿਲਾਂ ਹੁੱਲੜਬਾਜ਼ੀ ਕੀਤੀ ਤੇ ਬਾਅਦ ‘ਚ ਝਗੜਾ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਸੂਚਨਾ ਮਿਲੀ ਕੀ ਕੁਝ ਲੜਕੇ ਫੇਜ਼-3 ਬੀ2 ਵਿਖੇ ਆਪਸ ‘ਚ ਝਗੜਾ ਕਰ ਰਹੇ ਹਨ। ਇਸ ਨਾਲ ਮਾਰਕੀਟ ਦਾ ਮਾਹੌਲ ਖਰਾਬ ਹੋ ਰਿਹਾ ਹੈ। ਕੰਟਰੋਲ ਰੂਮ ‘ਤੇ ਸੂਚਨਾ ਮਿਲਦਿਆਂ ਹੀ ਮਟੌਰ ਥਾਣੇ ਦੇ ਡਿਊਟੀ ਅਫਸਰ ASI ਚਰਨ ਸਿੰਘ ਮੌਕੇ ‘ਤੇ ਪੁੱਜੇ।
ਪੁਲਿਸ ਨੂੰ ਦੇਖਦੇ ਹੀ ਇੱਕ ਨੌਜਵਾਨ ਨੇ BMW ਤੇ ਦੋ ਸਵਿਫਟ ਕਾਰ ‘ਚ ਸਵਾਰ ਹੋ ਕੇ ਫਰਾਰ ਹੋ ਗਏ ਤੇ ਜਦੋਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਏ. ਐੱਸ. ਆਈ. ਚਰਨ ਸਿੰਘ ਦੀ ਲੱਤ ਵੀ ਫਰੈਕਚਰ ਹੋ ਗਈ ਜਿਨ੍ਹਾਂ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਡੀ. ਐੱਸ. ਪੀ. ਸਿਟੀ-1 ਗੁਰਸ਼ੇਰ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਦੋਵੇਂ ਕਾਰਾਂ ਤੇ ਤਿੰਨਾਂ ਲੜਕਿਆਂ ਨੂੰ ਵੀ ਫੜ ਲਿਆ ਗਿਆ ਹੈ। ਦੋਸ਼ੀਆਂ ਦੀ ਪਛਾਣ ਅਨਮੋਲ ਸਿੰਘ ਨਿਵਾਸੀ ਜ਼ੀਰਕਪੁਰ, ਅਭੈ ਸਿੰਘ ਨਿਵਾਸੀ ਚੰਡੀਗੜ੍ਹ ਸੈਕਟਰ-45 ਅਤੇ ਆਕਾਸ਼ਦੀਪ ਸ਼ਰਮਾ ਨਿਵਾਸੀ ਤ੍ਰਿਪੜੀ ਪਟਿਆਲਾ ਵਜੋਂ ਹੋਈ ਹੈ। ਦੋਸ਼ੀਆਂ ਖਿਲਾਫ ਆਈ. ਪੀ. ਸੀ. ਦੀ ਧਾਰਾ 323, 186 ਅਤੇ307 ਲਗਾਈ ਗਈ ਹੈ।
ਮੌਕੇ ‘ਤੇ ਖੁਦ ਡੀ. ਐੱਸ. ਪੀ. ਵੀ ਪੁੱਜੇ ਤੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਪਤਾ ਲੱਗਾ ਹੈ ਕਿ ਇਨ੍ਹਾਂ ਹੁੱਲੜਬਾਜ਼ਾਂ ‘ਚ ਅਭੈ ਸਿੰਘ ਇੱਕ ਵਿਦਿਆਰਥੀ ਹੈ। ਇਸੇ ਬਾਜ਼ਾਰ ‘ਚ ਪਿਛਲੇ 15 ਦਿਨਾਂ ਦਰਮਿਆਨ ਇਸ ਤਰ੍ਹਾਂ ਹੁੱਲੜਬਾਜ਼ੀ ਦੀ ਇਹ ਦੂਜੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਵੀ 6 ਨੌਜਵਾਨਾਂ ਖਿਲਾਫ ਕੇਸ ਦਰਜ ਕੀਤਾ ਜਾ ਚੁੱਕਾ ਹੈ। ਅੱਜ ਦੁਸਹਿਰੇ ਮੌਕੇ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾਏ ਜਾ ਰਹੇ ਹਨ ਪਰ ਇਨ੍ਹਾਂ ਹੁੱਲੜਬਾਜ਼ਾਂ ਨੂੰ ਨਿਯਮ ਤੋੜਨ ਦੀ ਸਜ਼ਾ ਜ਼ਰੂਰ ਦਿੱਤੀ ਜਾਵੇਗੀ।