5 injured in : ਸੋਮਵਾਰ ਸਵੇਰੇ ਹੁਸ਼ਿਆਰਪੁਰ ਦੇ ਚੌਲਾਂਗ ਟੋਲ ਪਲਾਜ਼ਾ ਕੋਲ ਹਾਈਵੇ ‘ਤੇ ਸੜਕ ਹਾਦਸੇ ਦੌਰਾਨ 5 ਲੋਕ ਜ਼ਖਮੀ ਹੋ ਗਏ। ਇਨ੍ਹਾਂ ‘ਚੋਂ 4 ਇੱਕੋ ਹੀ ਪਰਿਵਾਰ ਦੇ ਮੈਂਬਰ ਹਨ। ਹਾਈਵੇ ‘ਤੇ ਬਾਈਕ ਸਵਾਰ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਬੇਕਾਬੂ ਹੋ ਕੇ ਬਾਈਕ ਨੂੰ ਟੱਕਰ ਮਾਰਦੇ ਹੋਏ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਜਾ ਟਕਰਾਈ ਤੇ ਕਾਰ ‘ਚ ਸਵਾਰ 4 ਲੋਕ ਜ਼ਖਮੀ ਹੋ ਗਏ ਜਦੋਂ ਕਿ ਬਾਈਕ ਸਵਾਰ ਦਾ ਬਚਾਅ ਹੋ ਗਿਆ। ਜ਼ਖਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਘਟਨਾ ਸਵੇਰੇ 9 ਵਜੇ ਵਾਪਰੀ ਜਦੋਂ ਰਾਜਨ ਸ਼ਰਮਾ ਆਪਣੇ ਪਰਿਵਾਰ ਨਾਲ ਕਾਰ ‘ਚ ਕਿਤੇ ਜਾ ਰਿਹਾ ਸੀ। ਕਾਰ ਨੂੰ ਰਾਜਨ ਦਾ ਚਚੇਰਾ ਭਰਾ ਰਵੀ ਚਲਾ ਰਿਹਾ ਸੀ। ਚੌਲਾਂਗ ਟੋਲ ਪਲਾਜ਼ਾ ਕੋਲ ਬਾਈਕ ਸਵਾਰ ਨੂੰ ਬਚਾਉਂਦੇ ਹੋਏ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਉਹ ਡਿਵਾਈਡਰ ਨਾਲ ਜਾ ਟਕਰਾਈ। ਇਸ ਕਾਰਨ ਕਾਰ ‘ਚ ਸਵਾਰ ਰਾਜਨ ਸ਼ਰਮਾ ਪੁੱਤਰ ਸੁਰੇਸ਼ ਕੁਮਾਰ, ਉਸ ਦੀ ਪਤਨੀ ਸੁਮਨ ਬਾਲਾ, ਕਜ਼ਨ ਭਰਾ ਰਵੀ ਸ਼ਰਮਾ ਪੁੱਤਰ ਧਰਮਪਾਲ, ਸਰੋਜ ਕੁਮਾਰੀ ਪਤਨੀ ਮਨਜੀਤ ਸਿੰਘ ਤੇ ਬਾਈਕ ਸਵਾਰ ਸੁਖਵਿੰਦਰ ਸਿੰਘ ਪੁੱਤਰ ਮੇਹਰ ਸਿੰਘ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਹਾਈਵੇ ਪੈਟਰੋਲ ਪੁਲਿਸ ਟੀਮ ਨੇ ਹਰੇਕਦਾ ਭਲਾ ਸੁਸਾਇਟੀ ਦੇ ਸੇਵਕ ਜਥੇਦਾਰ ਦਵਿੰਦਰ ਸਿੰਘ ਦੀ ਮਦਦ ਨਾਲ ਟਾਂਡਾ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ। ਉਥੋਂ ਸਰੋਜ ਕੁਮਾਰੀ ਤੇ ਸੁਮਨ ਬਾਲਾ ਨੂੰ ਹੁਸ਼ਿਆਰਪੁਰ ਵਿਖੇ ਰੈਫਰ ਕਰ ਦਿੱਤਾ ਗਿਆ ਤੇ ਪੁਲਿਸ ਨੇ ਜਦੋਂ ਕਾਰ ਚਲਾ ਰਹੇ ਰਵੀ ਸ਼ਰਮਾ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੇ ਅਚਾਨਕ ਬਿਨਾਂ ਦੇਖੇ ਮੋਟਰਸਾਈਕਲ ਮੋੜ ਦਿੱਤੀ ਜਿਸ ਕਾਰਨ ਹਾਦਸਾ ਹੋ ਗਿਆ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।