Piyush Goyal’s reply : ਚੰਡੀਗੜ੍ਹ : ਕੱਲ੍ਹ ਕੇਂਦਰ ਵੱਲੋਂ ਪੰਜਾਬ ‘ਚ ਮਾਲਗੱਡੀਆਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਜਿਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੇ ਨਿੱਜੀ ਦਖਲ ਦੀ ਮੰਗ ਕੀਤੀ। ਇਸ ‘ਤੇ ਪੀਯੂਸ਼ ਗੋਇਲ ਨੇ ਮੁੱਖ ਮੰਤਰੀ ਦੀ ਚਿੱਠੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਰੇਲਵੇ ਮੁਲਾਜ਼ਮਾਂ ਦੀ ਪੂਰੀ ਸੁਰੱਖਿਆ ਨਿਸ਼ਿਚਤ ਕਰੇ ਅਤੇ ਅੰਦੋਲਨਕਾਰੀਆਂ ਨੂੰ ਟਰੈਕ ਖਾਲੀ ਕਰਨ ਨੂੰ ਕਹੇ ਤਾਂ ਕਿ ਰੇਲਵ ਸੇਵਾਵਾਂ ਦੀ ਬਹਾਲੀ ਬਿਨਾਂ ਕਿਸੇ ਰੁਕਾਵਟ ਦੇ ਹੋ ਸਕੇ।
ਪੰਜਾਬ ਸਰਕਾਰ ਦੀ ਅਪੀਲ ਤੋਂ ਬਾਅਦ 22 ਅਕਤੂਬਰ ਤੋਂ ਕਿਸਾਨ ਕੁਝ ਸ਼ਰਤਾਂ ਨਾਲ ਮਾਲਗੱਡੀਆਂ ਨੂੰ ਚਲਾਉਣ ਲਈ ਮੰਨ ਗਏ ਸਨ ਪਰ 23 ਅਕਤੂਬਰ ਨੂੰ ਕੁਝ ਟ੍ਰੇਨਾਂ ਨੂੰ ਜ਼ਬਰਦਸਤੀ ਰੋਕ ਕੇ ਸਾਮਾਨ ਦੀ ਜਾਂਚ ਤੋਂ ਬਾਅਦ ਡਰਾਈਵਰਾਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਸ਼ੰਕਾ ਪ੍ਰਗਟਾਈ ਸੀ। ਇਸ ਤੋਂ ਬਾਅਦ ਰੇਲਵੇ ਨੇ ਕਿਹਾ ਸੀ ਕਿ ਜਦੋਂ ਤੱਕ ਪੂਰੀ ਕਲੀਅਰੈਂਸ ਨਹੀਂ ਮਿਲਦੀ ਮਾਲਗੱਡੀਆਂ ਨਹੀਂ ਚਲਾਈਆਂ ਜਾਣਗੀਆਂ। ਦੇਸ਼ ਦੀਆਂ 22 ਕਿਸਾਨ ਜਥੇਬੰਦੀਆਂ ਨੇ ਅੱਜ ਦਿੱਲੀ ‘ਚ ਬੈਠਕ ਕੀਤੀ ਤੇ ਦੱਸਿਆ ਕਿ ਅੱਜ ਉਹ ਅੰਦੋਲਨ ਨੂੰ ਲੈ ਕੇ ਆਪਣੀ ਅਗਲੀ ਰੂਪਰੇਖਾ ਤਿਆਰ ਕਰਨਗੇ। ਮਾਲਗੱਡੀਆਂ ਨਾ ਚੱਲਣ ਕਾਰਨ ਲਗਭਗ 24 ਹਜ਼ਾਰ ਕਰੋੜ ਰੁਪਏ ਦਾ ਹੌਜ਼ਰੀ ਤੇ ਸਪੋਰਟਸ ਦਾ ਸਾਮਾਨ ਸੂਬੇ ‘ਚ ਹੀ ਅਟਕ ਗਿਆ ਹੈ। ਜੇਕਰ ਮਾਲਗੱਡੀਆਂ ਜਲਦੀ ਨਹੀਂ ਚਲਾਈਆਂ ਗਈਆਂ ਤਾਂ ਸੰਕਟ ਪੈਦਾ ਹੋ ਸਕਦਾ ਹੈ। ਨਾਲ ਹੀ ਜ਼ਰੂਰੀ ਚੀਜ਼ਾਂ ਦੀ ਘਾਟ ਦਾ ਮੁੱਦਾ ਵੀ ਕੇਂਦਰ ਦੇ ਰਾਜ ਸਰਕਾਰ ਦੀ ਆਪਸੀ ਰਾਜਨੀਤੀ ‘ਚ ਹੀ ਉਲਝ ਕੇ ਰਹਿ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ‘ਚ ਮਾਲਗੱਡੀਆਂ ਨਾ ਚਲਾਉਣ ਦਾ ਫੈਸਲਾ ਸੰਘਰਸ਼ ਕਰ ਰਹੇ ਕਿਸਾਨਾਂ ਦੇ ਗੁੱਸੇ ਨੂੰ ਹੋਰ ਵਧਾ ਸਕਦਾ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਮੁੱਖ ਸਕੱਤਰ ਵਿਨੀ ਮਹਾਜਨ ਨੇ ਰੇਲਵੇ ਬੋਰਡ ਦੇ ਚੇਅਰਮੈਨ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ‘ਰੇਲ ਰੋਕੋ ਅੰਦੋਲਨ’ ਖਤਮ ਕਰਨ ਅਤੇ ਟ੍ਰੇਨਾਂ ਨੂੰ ਬਹਾਲ ਕਰਨ ਲਈ ਕਿਸਾਨਾਂ ਨਾਲ ਗੱਲਬਾਤ ਨੂੰ 3 ਮੰਤਰੀਆਂ ਦੀ ਕਮੇਟੀ ਬਣਾਈ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਕੋਈ ਵੀ ਮੁੱਖ ਰੇਲ ਲਾਈਨ ਨਹੀਂ ਰੋਕੀ ਗਈ ਤੇ ਸਿਰਫ ਇੱਕ ਲਾਈਨ ਰੋਕੀ ਗਈ ਹੈ ਜੋ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਨੂੰ ਜਾਂਦੀ ਹੈ ਫਿਰ ਟ੍ਰੇਨਾਂ ਬੰਦ ਕਿਉਂ ਕੀਤੀਆਂ ਗਈਆਂ?