Flour was being : ਬਠਿੰਡਾ : ਪੰਜਾਬ ਸਰਕਾਰ ਵੱਲੋਂ ਲਾਕਡਾਊਨ ਦੇ ਦੌਰਾਨ ਲੋੜਵੰਦ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਇਸੇ ਅਧੀਨ ਸਰਕਾਰ ਵੱਲੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਆਟਾ ਵੀ ਵੰਡਿਆ ਗਿਆ ਸੀ ਪਰ ਅੱਜ ਜਦੋਂ ਜਿਲ੍ਹਾ ਬਠਿੰਡਾ ਵਿਖੇ ਆਪ ਵਰਕਰਾਂ ਵੱਲੋਂ ਜੌਗਰ ਪਾਰਕ ਵਿਖੇ ਜੇ. ਸੀ. ਬੀ. ਦੀ ਮਦਦ ਨਾਲ ਵੱਡੀ ਮਾਤਰਾ ‘ਚ ਆਟਾ ਮਿੱਟੀ ਹੇਠਾਂ ਦਬਿਆ ਦੇਖਿਆ ਗਿਆ ਤਾਂ ਉਨ੍ਹਾਂ ਦੀ ਹੈਰਾਨਗੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਉਨ੍ਹਾਂ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ। ਜਾਂਚ ਤੋਂ ਬਾਅਦ ਸਾਹਮਣੇ ਆਇਆ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਰਾਸ਼ਨ ਵੰਡਣ ਲਈ ਇਹ ਆਟਾ ਇਕੱਠਾ ਕੀਤਾ ਗਿਆ ਸੀ ਪਰ ਇੰਝ ਲੱਗਦਾ ਹੈ ਕਿ ਇਹ ਆਟਾ ਲੋਕਾਂ ਤੱਕ ਨਹੀਂ ਪੁੱਜ ਸਕਿਆ ਤੇ ਗੋਦਾਮ ‘ਚ ਪਿਆ ਹੀ ਖਰਾਬ ਹੋ ਗਿਆ ਜਿਸ ਕਾਰਨ ਹੁਣ ਇਸ ਨੂੰ ਮਿੱਟੀ ਹੇਠਾਂ ਦਬਾਇਆ ਜਾ ਰਿਹਾ ਸੀ। ਕੁਝ ਤਾਂ ਆਟੇ ਦੀਆਂ ਥੈਲੀਆਂ ਦਬਾਈਆਂ ਜਾ ਰਹੀਆਂ ਸਨ ਤੇ ਨਾਲ ਹੀ ਖੁੱਲ੍ਹਾ ਆਟਾ ਵੀ ਦਬਾਇਆ ਜਾ ਰਿਹਾ ਸੀ।
ਨਗਰ ਨਿਗਮ ਦੇ ਇੱਕ ਅਧਿਕਾਰੀ ਵੱਲੋਂ ਬੀਤੀ ਰਾਤ ਇਹ ਆਟਾ ਦਬਵਾਇਆ ਗਿਆ ਸੀ। ਜਦੋਂ ਅਧਿਕਾਰੀ ਕੋਲੋਂ ਇਸ ਸਬੰਧੀ ਪੁੱਛਗਿਛ ਕੀਤੀ ਗਈ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਆਟਾ ਲੋਕਾਂ ਨੂੰ ਵੰਡਣ ਲਈ ਇਕੱਠਾ ਕੀਤਾ ਗਿਆ ਸੀ ਜੋ ਕਿ ਲਗਭਗ 7-8 ਕੁਇੰਟਲ ਸੀ। ਆਟਾ ਲੋਕਾਂ ਤੱਕ ਨਹੀਂ ਪੁੱਜ ਸਕਿਆ ਜਿਸ ਕਾਰਨ ਖਰਾਬ ਹੋ ਗਿਆ ਤੇ ਉਸ ‘ਚੋਂ ਬਦਬੂ ਆਉਣ ਲੱਗੀ ਸੀ, ਇਸ ਕਰਕੇ ਆਟੇ ਨੂੰ ਦਬਾਉਣਾ ਪਿਆ। ਰਾਤ ਨੂੰ ਆਟਾ ਦਬਾਏ ਜਾਣ ਸਬੰਧੀ ਸਵਾਲ ਪੁੱਛੇ ਜਾਣ ‘ਤੇ ਅਧਿਕਾਰੀ ਨੇ ਜਵਾਬ ਦਿੱਤਾ ਕਿ ਦਿਨ ਵੇਲੇ ਮੁਲਾਜ਼ਮ ਡਿਊਟੀ ਦੇ ਰਹੇ ਹੁੰਦੇ ਹਨ ਇਸ ਲਈ ਰਾਤ ਨੂੰ ਆਟੇ ਨੂੰ ਦਬਾਇਆ ਗਿਆ। ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵੀ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਦੇਖਿਆ ਕਿ ਟੋਇਆ ਪੁੱਟ ਕੇ ਆਟਾ ਦਬਾਇਆ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਆਟੇ ਦੀ ਬੇਅਦਬੀ ਕੀਤੀ ਗਈ ਹੈ ਤੇ ਇਸ ਦੀ ਜਾਂਚ ਕੀਤੀ ਜਾਵੇਗੀ ਤੇ ਉਨ੍ਹਾਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ। ਆਪ ਵਰਕਰਾਂ ਨੇ ਵੀ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।