Video of ASI : ਤਰਨਤਾਰਨ: ਕਿਸੇ ਵਿਅਕਤੀ ਕੋਲੋਂ ਮੁਕੱਦਮੇ ਦੇ ਚੱਲਦਿਆਂ ਕਥਿਤ ਤੌਰ ‘ਤੇ ਪੈਸਿਆਂ ਦੀ ਮੰਗ ਕਰਨ ਵਾਲੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਤਰਨਤਾਰਨ ਦੇ ਸਰਹੱਦੀ ਥਾਣਾ ਖਾਲੜਾ ‘ਚ ਤਾਇਨਾਤ ਏਐੱਸਆਈ ਦੇ ਖਿਲਾਫ ਉਸੇ ਥਾਣੇ ‘ਚ ਹੀ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਦੀ ਸ਼ਿਕਾਇਤ ‘ਤੇ ਦਰਜ ਕੀਤੇ ਗਏ ਇਸ ਕੇਸ ਦੀ ਅਗਲੀ ਜਾਂਚ ਡੀਐੱਸਪੀ ਭਿੱਖੀਵਿੰਡ ਵੱਲੋਂ ਕੀਤੀ ਜਾ ਰਹੀ ਹੈ। NDPS ਐਕਟ ਦੇ ਮਾਮਲੇ ‘ਚ ਦੋਸ਼ੀ ਨੂੰ ਜ਼ਮਾਨਤ ਦਿਵਾਉਣ ਦੇ ਨਾਂ ‘ਤੇ ਰਿਸ਼ਵਤ ਲੈਣ ਦੇ ਦੋਸ਼ ‘ਚ ਖਾਲੜਾ ਥਾਣਾ ਦੇ ਏ. ਐੱਸ. ਆਈ. ਸਤਨਾਮ ਸਿੰਘ ਨੂੰ ਸਸਪੈਂਡ ਕੀਤਾ ਗਿਆ ਹੈ। ਫਿਲਹਾਲ ਦੋਸ਼ੀ ਫਰਾਰ ਹੈ।
ਵਾਇਰਲ ਹੋਈ ਵੀਡੀਓ ‘ਚ ਏ. ਐੱਸ. ਆਈ. ਨੋਟ ਗਿਣਦਾ ਦਿਖਾਈ ਦੇ ਰਿਹਾ ਹੈ। ਇਸ ‘ਚ ਥਾਣਾ ਖਾਲੜਾ ‘ਚ ਐੱਨ. ਡੀ. ਪੀ. ਐੱਸ. ਐਕਟ ਦੇ ਦਰਜ ਮਾਮਲੇ ‘ਚ ਦੋਸ਼ੀ ਨੂੰ ਬਚਾਉਣ ਲਈ ਉਹ ਦੋਸ਼ੀ ਪੱਖ ਨੂੰ ਆਪਣੇ ਕਮਰੇ ‘ਚ ਬੁਲਾ ਕੇ ਰਿਸ਼ਵਤ ਲੈ ਰਿਹਾ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗ ਕਿ ਰਿਸ਼ਵਤ ਦੇਣ ਵਾਲੀ ਪਾਰਟੀ ਕਿਹੜੀ ਹੈ। ਸਫੈਦ ਰੰਗ ਦੀ ਬਨਿਆਨ ਪਾਈ ਏ. ਐੱਸ. ਆਈ. ਸਤਨਾਮ ਸਿੰਘ ਰਿਸ਼ਵਤ ਲੈਣ ਤੋਂ ਬਾਅਦ ਪੈਸੇ ਗਿਣਦੇ ਹੋਏ ਦਿਖਾਈ ਦੇ ਰਿਹਾ ਹੈ। ਇਹ ਪੈਸਾ ਥਾਣਾ ਇੰਚਾਰਜ, ਡੀ. ਐੱਸ. ਪੀ. ਐੱਸ. ਪੀ. ਤੇ ਐੱਸ. ਐੱਸ. ਪੀ. ਦੇ ਰੀਡਰ ਨੂੰ ਪਹੁੰਚਾਉਣੇ ਹਨ। ਇੰਨਾ ਹੀ ਨਹੀਂ ਜੱਜ ਸਾਹਿਬ ਨੂੰ ਵੀ ਉਨ੍ਹਾਂ ਦਾ ਸਾਮਾਨ ਭੇਜ ਦਿੱਤਾ ਜਾਵੇਗਾ। ਸਾਰੇ ਪੈਸੇ ਟਿਕਾਣੇ ਲਗਾਵਾਂਗਾ। ਇਸ ‘ਚੋਂ ਮੈਂ ਆਪਣੇ ਕੋਲ ਕੋਈ ਪੈਸੇ ਨਹੀਂ ਰੱਖਣ ਵਾਲਾ।
ਰਿਸ਼ਵਤ ਲੈਂਦੇ ਬਣਾਈ ਗਈ ਵੀਡੀਓ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਇਹ ਵੀਡੀਓ ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਤੱਕ ਪੁੱਜੀ ਤਾਂ ਉਨ੍ਹਾਂ ਨੇ ਭਿਖੀਵਿੰਡ ਸਬ-ਡਵੀਜ਼ਨ ਦੇ ਡੀ. ਐੱਸ. ਪੀ. ਰਾਜਬੀਰ ਸਿੰਘ ਤੋਂ ਮਾਮਲੇ ਦੀ ਰਿਪੋਰਟ ਮੰਗੀ। ਐੱਸ. ਐੱਸ. ਪੀ. ਨਿੰਬਾਲੇ ਨੇ ਦੱਸਿਆ ਕਿ ਥਾਣਾ ਖਾਲੜਾ ਇੰਚਾਰਜ ਸਬ-ਇੰਸਪੈਕਟਰ ਜਸਵੰਤ ਸਿੰਘ ਨੇ ਏ. ਐੱਸ. ਆਈ ਸਤਨਾਮ ਸਿੰਘ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਲਿਆ ਹੈ ਤੇ ਨਾਲ ਹੀ ਏ. ਐੱਸ. ਆਈ. ਨੂੰ ਸਸਪੈਂਡ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।