Sakhi One Stop: ਜਲੰਧਰ : ਸਖੀ-ਵਨ ਸਟਾਪ ਸੈਂਟਰ ਜਲੰਧਰ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਆਦਮਪੁਰ ਦੀ ਮਾਨਸਿਕ ਤੌਰ ‘ਤੇ ਪਰੇਸ਼ਾਨ ਔਰਤ (50 ਸਾਲ) ਜੋ ਪਿਛਲੇ 7 ਮਹੀਨਿਆਂ ਤੋਂ ਲਾਪਤਾ ਸੀ, ਦੀ ਘਰ ਵਾਪਸੀ ਹੋ ਗਈ ਹੈ। ਉਸ ਨੂੰ ਗੁਜਰਾਤ ਦੇ ਜ਼ਿਲ੍ਹਾ ਅਰਾਵਲੀ ਤੋਂ ਲੱਭਿਆ ਗਿਆ। ਗੁਜਰਾਤ ਤੋਂ ਟੀਮ ਦੇ ਵਾਪਸ ਆਉਣ ਤੋਂ ਬਾਅਦ ਮਹਿਲਾ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮਹਿਲਾ ਦੇ ਪਰਿਵਾਰ ਵਲੋਂ 11 ਅਕਤੂਬਰ ਨੂੰ ਆਦਮਪੁਰ ਵਿਖੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਕੋਲ ਬਜ਼ੁਰਗ ਮਹਿਲਾ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਸਬੰਧੀ ਜਲੰਧਰ ਸਖੀ-ਵਨ ਸਟਾਪ ਸੈਂਟਰ ਨੂੰ ਤੁਰੰਤ ਕੇਸ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਜਲੰਧਰ ਸਖੀ-ਵਨ ਸਟਾਪ ਸੈਂਟਰ ਵਲੋਂ ਇਸ ਸਬੰਧੀ ਸੂਚਨਾ ਦੇਸ਼ ਦੇ ਸਾਰੇ ਸੈਂਟਰਾਂ ਨਾਲ ਸਾਂਝੀ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਸਿੰਘ ਰੰਧਾਵਾ, ਸੈਂਟਰ ਇੰਚਾਰਜ ਸੰਦੀਪ ਕੌਰ ਵਲੋਂ ਲਾਪਤਾ ਮਹਿਲਾ ਦਾ ਪਤਾ ਲਗਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਅਤੇ ਮਹਿਲਾ ਦੀ ਫੋਟੋ ਅਤੇ ਹੋਰ ਜਾਣਕਾਰੀ ਦੇਸ਼ ਦੇ ਸਾਰੇ ਸਖੀ ਵਨ ਸਟਾਪ ਸੈਂਟਰਾਂ ਤੱਕ ਪਹੁੰਚਾਈ ਗਈ।
ਡੀ. ਸੀ. ਨੇ ਦੱਸਿਆ ਕਿ ਇਸ ‘ਤੇ ਸਖੀ-ਵਨ ਸਟਾਪ ਸੈਂਟਰ ਅਰਾਵਲੀ ਜ਼ਿਲ੍ਹਾ ਗੁਜਰਾਤ ਵਲੋਂ ਜਲੰਧਰ ਦੇ ਸਖੀ-ਵਨ ਸਟਾਪ ਸੈਂਟਰ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਦੱਸਿਆ ਕਿ ਉਨ੍ਹਾਂ ਵਲੋਂ ਮਹਿਲਾ ਦੀ ਸਾਂਝੀ ਕੀਤੀ ਗਈ ਤਸਵੀਰ ਇਥੇ ਮਿਲੀ ਮਹਿਲਾ ਨਾਲ ਮੇਲ ਖਾ ਗਈ ਹੈ। ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਰੰਧਾਵਾ ਦੀ ਅਗਵਾਈ ਵਾਲੀ ਟੀਮ ਅਤੇ ਸੈਂਟਰ ਇੰਚਾਰਜ ਸੰਦੀਪ ਕੌਰ ਵਲੋਂ ਪਰਿਵਾਰ ਨੂੰ ਬੁਲਾ ਕੇ ਸਖੀ ਵਨ ਸਟਾਪ ਅਰਾਵਲੀ ਦੇ ਅਧਿਕਾਰੀਆਂ ਨਾਲ ਵੀਡੀਓ ਕਾਲ ਦਾ ਪ੍ਰਬੰਧ ਕੀਤਾ ਗਿਆ ਅਤੇ ਮਹਿਲਾ ਦੀ ਬੇਟੀ ਨੇ ਅਪਣੀ ਮਾਂ ਦੀ ਪਹਿਚਾਣ ਕੀਤੀ ਗਈ। ਇਸ ਤੋਂ ਬਾਅਦ ਗੁਜਰਾਤ ਤੋਂ ਪਟੇਲ ਮਿੱਤਲਬੇਨ, ਸੁਰੇਸ਼ ਭਾਈ, ਹਾਰਦਿਕ ਕੁਮਾਰ , ਜਗਦੀਸ਼ ਭਾਈ, ਸੰਗੀਤਾ ਬੇਨ ਅਤੇ ਮਹਿਰਾਜ ਭਾਈ ਮੰਨਤ ਜਲੰਧਰ ਪਹੁੰਚੇ ਅਤੇ ਮਹਿਲਾ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ।