Drone reappears on : ਜਿਲ੍ਹਾ ਗੁਰਦਾਸਪੁਰ ਵਿਖੇ ਪਾਕਿਸਤਾਨ ਤੋਂ ਆਉਣ ਵਾਲੇ ਡ੍ਰੋਨਾਂ ਦੀਆਂ ਖਬਰਾਂ ਨਿਤ ਦਿਨ ਆ ਰਹੀਆਂ ਹਨ। ਕੱਲ੍ਹ ਫਿਰ ਤੋਂ ਗੁਰਦਾਸਪੁਰ ‘ਚ ਕੌਮਾਂਤਰੀ ਸਰਹੱਦ ‘ਤੇ ਸ਼ੁੱਕਰਵਾਰ ਦੇਰ ਰਾਤ ਸ਼ੱਕੀ ਗਤੀਵਿਧੀ ਨਜ਼ਰ ਆਈ। ਪਾਕਿਸਤਾਨ ਬਾਰਡਰ ਕੋਲ ਪਿੰਡ ਠਾਕਰਪੁਰ ‘ਚ ਅੱਧੀ ਰਾਤ ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ਖੇਤਰ ‘ਚ ਦੋ ਵਾਰ ਡ੍ਰੋਨ ਭੇਜਿਆ ਗਿਆ। ਪਹਿਲਾਂ ਤੋਂ ਸਾਵਧਾਨ ਸੀਮਾ ਸੁਰੱਖਿਆ ਬਲ ਨੇ ਤੁਰੰਤ ਫਾਇਰਿੰਗ ਕਰ ਦਿੱਤੀ। ਜਵਾਨਾਂ ਨੇ ਇਸੇ ਦੌਰਾਨ 65 ਰਾਊਂਡ ਫਾਇਰਿੰਗ ਕੀਤੀ। ਸ਼ਨੀਵਾਰ ਸਵੇਰ ਤੋਂ ਸਰਹੱਦੀ ਇਲਾਕੇ ‘ਚ ਸਰਚ ਆਪ੍ਰੇਸ਼ਨ ਜਾਰੀ ਹੈ।
ਪਾਕਿਸਤਾਨ ਬਾਰਡਰ ਨਾਲ ਲੱਗਦੇ ਗੁਰਦਾਸਪੁਰ ਜਿਲ੍ਹੇ ਦੇ ਦੀਨਾਨਗਰ ਦਾ ਇਲਾਕਾ ਕਾਫੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇਥੋਂ ਅਕਸਰ ਨਸ਼ਿਆਂ ਤੇ ਹਥਿਆਰਾਂ ਆਦਿ ਦੀ ਸਮਗਲਿੰਗ ਦੀਆਂ ਕੋਸ਼ਿਸ਼ਾਂ ਪਾਕਿਸਤਾਨ ਸਮਗੱਲਰਾਂ ਵੱਲੋਂ ਕੀਤੀ ਜਾਂਦੀ ਰਹੀ ਹੈ। ਇਸੇ ਕਾਰਨ ਫੌਜ ਦਾ ਇਥੇ ਖਾਸਾ ਧਿਆਨ ਰਹਿੰਦਾ ਹੈ। ਸੀਮਾ ਸੁਰੱਖਿਆ ਬਲ ਦੇ ਸੂਤਰਾਂ ਮੁਤਾਬਕ ਸ਼ੁੱਕਰਵਾਰ ਰਾਤ ਲਗਭਗ 12 ਵਜੇ ਸਰਹੱਦੀ ਪਿੰਡ ਠਾਕਰਪੁਰ ‘ਚ ਡਰੋਨ ਵਰਗੀ ਚੀਜ਼ ਦੀ ਹਲਚਲ ਆਸਮਾਨ ‘ਚ ਦੇਖੀ ਗਈ। ਫੌਜ ਦੇ ਜਵਾਨਾਂ ਨੇ ਜਦੋਂ ਫਾਇਰਿੰਗ ਕੀਤੀ ਤਾਂ ਇਹ ਡ੍ਰੋਨ ਦਿਖਣਾ ਬੰਦ ਹੋ ਗਿਆ।
ਕੁਝ ਦੇਰ ਬਾਅਦ ਫਿਰ ਤੋਂ ਡ੍ਰੋਨ ਦਿਖਣਾ ਸ਼ੁਰੂ ਹੋ ਗਿਆ। ਆਸਮਾਨ ‘ਚ ਲਾਈਟਿੰਗ ਨਾਲ ਕੋਈ ਸ਼ੱਕੀ ਉਪਕਰਣ ਘੁੰਮਦਾ ਦੇਖਿਆ ਗਿਆ। BSF ਦੇ ਜਵਾਨਾਂ ਵੱਲੋਂ ਫਿਰ ਤੋਂ ਫਾਇਰਿੰਗ ਕੀਤੀ ਗਈ ਤਾਂ ਇਸ ਤੋਂ ਬਾਅਦ ਉਹ ਵਾਪਸ ਪਰਤ ਗਿਆ। ਇਹ ਸ਼ੱਕੀ ਚੀਜ਼ ਪਾਕਿਸਤਾਨ ਵੱਲੋਂ ਉਡਾਇਆ ਗਿਆ ਡ੍ਰੋਨ ਸੀ। ਜਵਾਨਾਂ ਵੱਲੋਂ ਤੁਰੰਤ ਇਸ ਸਬੰਧ ‘ਚ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਤਾਂ ਅਧਿਕਾਰੀ ਮੌਕੇ ‘ਤੇ ਪੁੱਜ ਗਏ। ਡੀ. ਆਈ. ਜੀ. ਰਾਤ ਨੂੰ ਹੀ ਮੌਕੇ ‘ਤੇ ਪੁੱਜੇ। ਇਸ ਤੋਂ ਬਾਅਦ ਸਰਹੱਦੀ ਇਲਾਕੇ ‘ਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਉਥੇ ਜਾਣਕਾਰੀ ਮਿਲੀ ਹੈ ਕਿ ਰਾਤ ‘ਚ ਸ਼ੱਕੀ ਗਤੀਵਿਧੀ ਨੂੰ ਰੋਕਣ ਲਈ BSF ਦੇ ਜਵਾਨਾਂ ਵੱਲੋਂ ਲਗਭਗ 65 ਰਾਊਂਡ ਫਾਇਰਿੰਗ ਕੀਤੀ ਗਈ ਹੈ।