Invoices will now : ਚੰਡੀਗੜ੍ਹ ਵਿਖੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਪੂਰੇ ਚੰਡੀਗੜ੍ਹ ਨੂੰ ਅੰਡਰ ਸੀ. ਸੀ. ਟੀ. ਵੀ. ਕੈਮਰੇ ਅਧੀਨ ਕੀਤਾ ਜਾ ਰਿਹਾ ਹੈ। ਹਾਈ ਟੈਕਨਾਲੋਜੀ ਦੀ ਵਰਤੋਂ ਕਰਕੇ ਚੰਡੀਗੜ੍ਹ ਵਿਖੇ ਪੋਲਾਂ (ਖੰਭਿਆਂ) ‘ਤੇ ਨਵੇਂ ਤਰ੍ਹਾਂ ਦੇ ਕੈਮਰੇ ਲਗਾਏ ਗਏ ਹਨ। ਲਗਭਗ 15000 ਕੈਮਰੇ ਚੰਡੀਗੜ੍ਹ ਵਿਖੇ ਲਗਾਏ ਜਾਣਗੇ ਤੇ ਇਨ੍ਹਾਂ ਕੈਮਰਿਆਂ ਵੱਲੋਂ ਹੁਣ ਕੰਮ ਵੀ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ। ਪਹਿਲਾ ਤਾਂ ਟ੍ਰਾਇਲ ਕੀਤੇ ਜਾ ਰਹੇ ਸਨ। ਇਨ੍ਹਾਂ ਕੈਮਰਿਆਂ ਦਾ ਮਕਸਦ ਟ੍ਰੈਫਿਕ ਰੂਲਜ਼ ਦੀ ਪਾਲਣਾ ‘ਤੇ ਪੈਨੀ ਨਜ਼ਰ ਰੱਖਣਾ ਹੈ। ਜੇਕਰ ਕੋਈ ਵੀ ਗੱਡੀ ਟ੍ਰੈਫਿਕ ਰੂਲਜ਼ ਦਾ ਪਾਲਣ ਨਹੀਂ ਕਰਦੀ ਜਿਵੇਂ ਉਹ ਰੈੱਡ ਲਾਈਟ ਕਰਾਸ ਕਰਦੀ ਹੈ ਜਾਂ ਹਾਈ ਸਪੀਡ ‘ਤੇ ਜਾ ਰਹੀ ਹੈ ਤਾਂ ਇਹ ਕੈਮਰਿਆਂ ‘ਚ ਕੈਦ ਹੋ ਜਾਵੇਗਾ ਤੇ ਆਟੋਮੈਟਕਲੀ ਉਸ ਦਾ ਚਾਲਾਨ ਕੱਟ ਲਿਆ ਜਾਵੇਗਾ। ਪਰ ਹੁਣ ਚੰਡੀਗੜ੍ਹ ਵਿਖੇ ਕੋਈ ਵੀ ਗੱਡੀ ਜਿਹੜੇ ਸ਼ਹਿਰ ਦੇ ਵੱਖ-ਵੱਖ ਰੂਟਾਂ ‘ਤੇ ਲੰਘੇਗੀ ਉਸ ਦੀ ਜਾਣਕਾਰੀ, ਇੱਕੋ ਕਲਿੱਕ ‘ਚ ਹੀ ਹਾਸਲ ਕੀਤੀ ਜਾ ਸਕੇਗੀ। ਇਸ ਲਈ ਸਿਰਫ ਕਾਰ ਦਾ ਨੰਬਰ ਪਾਉਣ ਦੀ ਲੋੜ ਹੋਵੇਗੀ, ਜਿਸ ਤੋਂ ਪਤਾ ਲੱਗ ਜਾਵੇਗਾ ਕਿ ਕਾਰ ਕਿਥੋਂ-ਕਿਥੋਂ ਹੋ ਕੇ ਲੰਘੀ ਹੈ। ਇਨ੍ਹਾਂ ਕੈਮਰਿਆਂ ਨਾਲ ਹੀ ਟ੍ਰੈਫਿਕ ਚਾਲਾਨ ਵੀ ਕੀਤਾ ਜਾਵੇਗਾ।
ਚੰਡੀਗੜ੍ਹ ਦੇ ਸੈਕਟਰ-17 ਵਿਖੇ ਸਾਰੇ ਪੋਲਾਂ (ਖੰਭਿਆਂ) ‘ਤੇ ਨਵੇਂ ਕੈਮਰੇ ਲਗਾ ਦਿੱਤੇ ਗਏ ਹਨ। ਸਮਾਰਟ ਸਿਟੀ ਪ੍ਰਾਜੈਕਟ ਤਹਿਤ ਇਹ ਕੈਮਰੇ ਲਗਾਏ ਗਏ ਹਨ। ਇਸ ਅਧੀਨ ਜੇਕਰ ਤੁਹਾਡੀ ਗੱਡੀ ਪਾਰਕਿੰਗ ‘ਚ ਖੜ੍ਹੀ ਹੈ ਤਾਂ ਉਹ ਕੈਮਰੇ ਦੀ ਨਿਗਰਾਨੀ ਹੇਠ ਹੋਵੇਗੀ। ਸਾਰਾ ਕੁਝ ਕੈਮਰੇ ਦੀ ਨਜ਼ਰ ‘ਚ ਹੋਵੇਗਾ। ਇਥੋਂ ਤੱਕ ਕਿ ਰਾਤ ਨੂੰ ਵੀ ਚੰਡੀਗੜ੍ਹ ‘ਚ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕੇਗਾ। ਹੁਣ ਟ੍ਰੈਫਿਕ ਮੁਲਾਜ਼ਮਾਂ ਦੀ ਡਿਊਟੀ ਇਨ੍ਹਾਂ ਕੈਮਰਿਆਂ ਵੱਲੋ ਨਿਭਾਈ ਜਾਵੇਗੀ। ਪੰਜਾਬ ਦਾ ਜਿਲ੍ਹਾ ਚੰਡੀਗੜ੍ਹ ਹਰ ਖੇਤਰ ਤੋਂ ਅੱਗੇ ਹੈ। ਭਾਵੇਂ ਕ੍ਰਾਈਮ ਦੇ ਨਜ਼ਰੀਏ ਤੋਂ ਹੋਵੇ ਭਾਵੇਂ ਟ੍ਰੈਫਿਕ ਰੂਲਜ਼ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਹਮੇਸ਼ਾ ਸਖਤ ਰਵੱਈਆ ਹੀ ਅਪਣਾਇਆ ਜਾਂਦਾ ਰਿਹਾ ਹੈ। ਇਨ੍ਹਾਂ ਹਾਈ ਤਕਨੀਕੀ ਕੈਮਰਿਆਂ ਦੀ ਮਦਦ ਨਾਲ ਜੇਕਰ ਤੁਸੀਂ ਜ਼ੈਬਰਾ ਕ੍ਰਾਸਿੰਗ ਨੂੰ ਕ੍ਰਾਸ ਕਰਦੇ ਹੋ ਤਾਂ ਵੀ ਚਾਲਾਨ ਕੱਟਿਆ ਜਾਵੇਗਾ।
MC ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਰਟ ਸਿਟੀ ਤਹਿਤ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਵੱਲੋਂ ਨਵੇਂ ਪ੍ਰਾਜੈਕਟ ਤਹਿਤ ਕੈਮਰੇ ਲਗਾਏ ਜਾ ਰਹੇ ਹਨ। ਚੰਡੀਗੜ੍ਹ ਵਿਖੇ ਇੰਟੀਗ੍ਰੇਟਿਡ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ ਜਿਸ ਨਾਲ ਟ੍ਰੈਫਿਕ ਰੂਲਜ਼, ਕ੍ਰਾਈਮ ਤੇ ਇਸ ਦੇ ਨਾਲ ਹੀ ਪ੍ਰਦੂਸ਼ਣ ਤੇ ਗੱਡੀਆਂ ਨੂੰ ਇਕ ਥਾਂ ‘ਤੇ ਹੀ ਕੰਟਰੋਲ ਕੀਤਾ ਜਾ ਸਕੇਗਾ। ਚੰਡੀਗੜ੍ਹ ‘ਚ 40 ਥਾਵਾਂ ‘ਤੇ ਆਟੋਮੈਟਿਕ ਟ੍ਰੈਫਿਕ ਲਾਈਟਸ ਲਗਾਈਆਂ ਜਾ ਰਹੀਆਂ ਹਨ ਜਿਸ ਅਧੀਨ ਜੇਕਰ ਕਿਸੇ ਵਿਅਕਤੀ ਨੂੰ ਵ੍ਹੀਕਲਾਂ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਕਾਰ ਦਾ ਨੰਬਰ ਦੇ ਕੇ ਇਸ ਨੂੰ ਹਾਸਲ ਕਰ ਸਕਦਾ ਹੈ। ਇਸ ਤੋਂ ਇਲਾਵਾ ਹਾਈ ਸਪੀਡਿੰਗ, ਟ੍ਰੈਫਿਕ ਨਿਯਮਾਂ ਜਾਂ ਕੋਈ ਸ਼ੱਕੀ ਗਤੀਵਿਧੀ ਪਾਈ ਜਾਂਦੀ ਹੈ, ਉਸ ਨੂੰ ਕੰਟਰੋਲ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਚੰਡੀਗੜ੍ਹ ਲਈ ਇਕ ਵਧੀਆ ਮਾਨੀਟਰਿੰਗ ਸਿਸਟਮ ਬਣ ਜਾਵੇਗਾ। ਅਜੇ ਤਾਂ ਸੀਮਤ ਥਾਵਾਂ ‘ਤੇ ਕੈਮਰੇ ਲਗਾਏ ਗਏ ਹਨ ਪਰ ਭਵਿੱਖ ‘ਚ ਹੋਰ ਕੈਮਰੇ ਲਗਾਏ ਜਾਣਗੇ। ਕਮਿਸ਼ਨਰ ਦਾ ਕਹਿਣਾ ਹੈ ਕਿ ਚੰਡੀਗੜ੍ਹ ਨੂੰ ਸੁੰਦਰ ਸ਼ਹਿਰ ਹੋਣ ਦੇ ਨਾਲ-ਨਾਲ ਸਮਾਰਟ ਸਿਟੀ ਬਣਾਉਣ ਦੇ ਟੀਚੇ ਨੂੰ ਵੀ ਜਲਦ ਹੀ ਹਾਸਲ ਕਰ ਲਿਆ ਜਾਵੇਗਾ।