Punjab Achievement Survey : ਜਲੰਧਰ : ਸੂਬਾ ਸਰਕਾਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਅਚੀਵਮੈਂਟ ਸਰਵੇ ਸ਼ੁਰੂ ਕੀਤਾ ਗਿਆ ਹੈ। ਇਸੇ ਅਧੀਨ ਪੰਜਾਬ ਅਚੀਵਮੈਂਟ ਸਰਵੇ ਦੀ ਪ੍ਰੀਖਿਆ 11 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ। ਇਹ ਪ੍ਰੀਖਿਆਵਾਂ ਪਹਿਲੀ ਤੋਂ ਲੈ ਕੇ 12ਵੀਂ ਤੱਕ ਕਲਾਸ ਦੇ ਵਿਦਿਆਰਥੀਆਂ ਦੇ ਮੁਲਾਂਕਣ ‘ਤੇ ਆਧਾਰਿਤ ਹੋਣਗੀਆਂ। ਸੂਬੇ ਭਰ ‘ਚ ਸਕੂਲਾਂ ‘ਚ ਪੜ੍ਹਦੇ 27.10 ਲੱਖ ਵਿਦਿਆਰਥੀ ਹਨ। ਪ੍ਰੀਖਿਆ ‘ਚ ਹਰੇਕ ਵਿਦਿਆਰਥੀ ਸ਼ਾਮਲ ਹੋਵੇ ਇਸ ਲਈ ਟੀਚਰਾਂ ਵੱਲੋਂ ਧਾਰਮਿਕ ਸਥਾਨਾਂ ‘ਚ ਜਾ ਕੇ ਐਲਾਨ ਕਰਵਾਇਆ ਜਾ ਰਿਹਾ ਹੈ ਤੇ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਇਹ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਮੁਲਾਂਕਣ ਲਈ ਬੇਹੱਦ ਜ਼ਰੂਰੀ ਹੈ। ਇਸ ਲਈ ਉਹ ਉਨ੍ਹਾਂ ਨੂੰ ਪ੍ਰੀਖਿਆ ‘ਚ ਜ਼ਰੂਰ ਸ਼ਾਮਲ ਕਰਨ।
ਟੀਚਰਾਂ ਵੱਲੋਂ ਪੰਚਾਇਤ ਮੈਂਬਰ, ਮਿਡ ਡੇ ਮੀਲ ਵਰਕਰ, ਐੱਨ. ਜੀ. ਓ., ਪੰਚਾਇਤ ਮੈਂਬਰਾਂ ਸਮੇਤ ਸਕੂਲ ਮੈਨੇਜਮੈਂਟ ਕਮੇਟੀਆਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ ਤਾਂ ਕਿ ਉਹ ਵੀ ਵਿਦਿਆਰਥੀਆਂ ਦੀਆਂ ਪ੍ਰੇਸ਼ਾਨੀਆਂ ਦਾ ਧਿਆਨ ਰੱਖਦੇ ਹੋਏ ਮਦਦ ਲਈ ਅੱਗੇ ਆਉਣ। ਇਸ ਦੌਰਾਨ ਜੇਕਰ ਕਿਸੇ ਵਿਦਿਆਰਥੀ ਕੋਲ ਮੋਬਾਈਲ ਫੋਨ ਨਾ ਹੋਣ ਕਾਰਨ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਸ ਨਾਲ ਪਹਿਲਾਂ ਹੀ ਸੰਪਰਕ ਕਰਕੇ ਮਦਦ ਪਹੁੰਚਾਉਣਾ ਨਿਸ਼ਚਿਤ ਕਰਾਏ। ਇਸ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਟੀਚਰਾਂ ਨੂੰ ਗਾਈਡਲਾਈਜ਼ ਜਾਰੀ ਕਰ ਦਿੱਤੀਆਂ ਗਈਆਂ ਹਨ। 6ਵੀਂ ਤੋਂ ਲੈ ਕੇ 10ਵੀਂ ਦੀਆਂ ਪ੍ਰੀਖਿਆਵਾਂ 11 ਨਵੰਬਰ ਤੋਂ 20 ਨਵੰਬਰ ਤੱਕ ਹੋਣਗੀਆਂ ਜਦੋਂ ਕਿ 11ਵੀਂ ਤੇ 12ਵੀਂ ਦੀਆਂ 11 ਨਵੰਬਰ ਤੋਂ 24 ਨਵੰਬਰ ਤੱਕ ਚੱਲਣਗੀਆਂ ਜਦੋਂ ਕਿ ਪਹਿਲੀ ਤੋਂ ਪੰਜਵੀਂ ਕਲਾਸ ਦੀਆਂ ਪ੍ਰੀਖਿਆਵਾਂ 11 ਤੋਂ 17 ਨਵੰਬਰ ਤੱਕ ਚੱਲਣਗੀਆਂ। ਪ੍ਰੀਖਿਆ ਸਤੰਬਰ ਮਹੀਨੇ ਦੇ ਸਿਲੇਬਸ ਦੇ ਆਧਾਰ ‘ਤੇ ਹੋਵੇਗੀ। ਇਸ ਦਾ ਲਿੰਕ ਦੋ ਦਿਨਾਂ ਤੱਕ ਖੁੱਲ੍ਹਾ ਰਹੇਗਾ ਤਾਂ ਕਿ ਵਿਦਿਆਰਥੀਆਂ ਦੀ ਸਹੂਲਤ ਮੁਤਾਬਕ ਪ੍ਰੀਖਿਆ ‘ਚ ਹਿੱਸਾ ਲੈ ਸਕਣ। ਇਸ ‘ਚ ਪਹਿਲੀ ਕਲਾਸ ਤੋਂ 10, ਦੂਜੀ ਤੋਂ ਪੰਜਵੀਂ ਲਈ 15 ਸਵਾਲ ਪੁੱਛੇ ਜਾਣਗੇ। ਹਰੇਕ ਸਵਾਲ 2-2 ਅੰਕਾਂ ਦਾ ਹੋਵੇਗਾ ਤੇ 6ਵੀਂ ਤੋਂ 12ਵੀਂ ਕਲਾਸ ਲਈ ਕੁੱਲ 20 ਸਵਾਲ ਪੁੱਛੇ ਜਾਣਗੇ ਤੇ ਸਵਾਲਾਂ ਦੇ ਜਵਾਬ ਦੇ ਆਧਾਰ ‘ਤੇ ਹੀ ਮੁਲਾਂਕਣ ਕੀਤਾ ਜਾਵੇਗਾ।